H1N1 ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਨਾਲ ਗੰਭੀਰ ਜਟਿਲਤਾਵਾਂ ਤੋਂ ਬਚਾਅ ਸੰਭਵ
ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ H1N1 (ਸਵਾਈਨ ਫਲੂ) ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬਿਮਾਰੀ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ, ਡਾਕਟਰੀ ਸਲਾਹ ਅਤੇ ਉਚਿਤ ਇਲਾਜ ਨਾਲ ਗੰਭੀਰ ਜਟਿਲਤਾਵਾਂ ਤੋਂ ਬਚਿਆ ਜਾ ਸਕਦਾ ਹੈ।
ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋਂ ਆਮ ਆਦਮੀ ਕਲੀਨਿਕ, ਸਲੇਮ ਟਾਬਰੀ ਵਿਖੇ H1N1 ਸਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਬਿਮਾਰੀ ਦੇ ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਸਮੇਂ ਸਿਰ ਇਲਾਜ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਟੀਮ ਨੇ ਦੱਸਿਆ ਕਿ H1N1 ਇੱਕ ਇਨਫਲੂਐਂਜ਼ਾ ਇਨਫੈਕਸ਼ਨ ਹੈ, ਜਿਸ ਦੇ ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਨੱਕ ਵਗਣਾ, ਸਿਰਦਰਦ, ਸਰੀਰ ਵਿੱਚ ਦਰਦ ਅਤੇ ਬਹੁਤ ਜ਼ਿਆਦਾ ਥਕਾਵਟ ਸ਼ਾਮਲ ਹੋ ਸਕਦੇ ਹਨ। ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਤਕਲੀਫ਼ ਜਾਂ ਲੱਛਣ ਤੇਜ਼ੀ ਨਾਲ ਵਧਣ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ।
ਗਰਭਵਤੀ ਔਰਤਾਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਕਿਸੇ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ। ਲੋਕਾਂ ਨੂੰ ਨਿਯਮਿਤ ਹੱਥ ਧੋਣ, ਖੰਘਣ-ਛਿੱਕਣ ਸਮੇਂ ਮੂੰਹ-ਨੱਕ ਢੱਕਣ ਅਤੇ ਬਿਮਾਰ ਵਿਅਕਤੀ ਦੇ ਬੇਲੋੜੇ ਸੰਪਰਕ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਰਮਨਦੀਪ ਕੌਰ ਅਤੇ ਡਿਪਟੀ ਮਾਸ ਮੀਡੀਆ ਅਧਿਕਾਰੀ ਰਾਜਿੰਦਰ ਸਿੰਘ ਹਾਜ਼ਰ ਸਨ।