ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਾਵਧਾਨੀ ਤੇ ਸਫਾਈ ਰੱਖੋ: ਸਿਵਲ ਸਰਜਨ ਡਾ. ਰਾਮਨਦੀਪ ਕੌਰ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 3, 2026

ਸਵਾਈਨ ਫਲੂ (H1N1) ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕਰਦਿਆਂ ਸਿਵਲ ਸਰਜਨ ਲੁਧਿਆਣਾ ਡਾ. ਰਾਮਨਦੀਪ ਕੌਰ ਨੇ ਕਿਹਾ ਕਿ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਗੋਂ ਸਾਵਧਾਨ ਰਹਿਣ ਅਤੇ ਸਮੇਂ ਸਿਰ ਸਿਹਤ ਸਬੰਧੀ ਸਲਾਹ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿੱਜੀ ਸਫਾਈ ਅਤੇ ਸਮੇਂ ਸਿਰ ਸਾਵਧਾਨੀਆਂ ਵਰਤ ਕੇ ਇਸ ਵਾਇਰਲ ਬਿਮਾਰੀ ਦੇ ਫੈਲਾਅ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਦੇ ਲੱਛਣ ਆਮ ਜ਼ੁਕਾਮ ਵਰਗੇ ਹੋ ਸਕਦੇ ਹਨ, ਜਿਨ੍ਹਾਂ ਵਿੱਚ ਬੁਖਾਰ, ਨੱਕ ਵਗਣਾ, ਖੰਘ, ਗਲੇ ਵਿੱਚ ਦਰਦ, ਸਰੀਰ ਵਿੱਚ ਦਰਦ ਅਤੇ ਕਈ ਵਾਰ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹਨ। ਅਜਿਹੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ।
ਡਾ. ਰਾਮਨਦੀਪ ਕੌਰ ਨੇ ਲੋਕਾਂ ਨੂੰ ਘੱਟੋ-ਘੱਟ 20 ਸਕਿੰਟ ਤੱਕ ਸਾਬਣ ਅਤੇ ਪਾਣੀ ਨਾਲ ਹੱਥ ਧੋਣ, ਖੰਘਣ ਜਾਂ ਛਿੱਕਣ ਸਮੇਂ ਮੂੰਹ ਅਤੇ ਨੱਕ ਨੂੰ ਰੁਮਾਲ ਜਾਂ ਕੂਹਣੀ ਨਾਲ ਢੱਕਣ ਅਤੇ ਵਰਤੇ ਟਿਸ਼ੂ ਨੂੰ ਡਸਟਬਿਨ ਵਿੱਚ ਸੁੱਟਣ ਦੀ ਅਪੀਲ ਕੀਤੀ। ਤਬੀਅਤ ਖਰਾਬ ਹੋਣ ’ਤੇ ਘਰ ਰਹਿਣ ਅਤੇ ਭੀੜ ਵਾਲੀਆਂ ਥਾਵਾਂ, ਮੇਲਿਆਂ ਤੇ ਜਨਤਕ ਇਕੱਠਾਂ ਤੋਂ ਪਰਹੇਜ਼ ਕਰਨ ਲਈ ਵੀ ਕਿਹਾ।
ਉਨ੍ਹਾਂ ਲੋਕਾਂ ਨੂੰ ਅੱਖਾਂ, ਨੱਕ ਅਤੇ ਮੂੰਹ ਨੂੰ ਬਿਨਾਂ ਹੱਥ ਧੋਏ ਨਾ ਛੂਹਣ, ਪੌਸ਼ਟਿਕ ਖੁਰਾਕ ਲੈਣ, ਵੱਧ ਪਾਣੀ ਪੀਣ, ਪੂਰੀ ਨੀਂਦ ਲੈਣ ਅਤੇ ਹਲਕੀ ਕਸਰਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਖਾਸ ਤੌਰ ’ਤੇ ਕਿਹਾ ਕਿ ਸਵਾਈਨ ਫਲੂ ਵਰਗੇ ਲੱਛਣ ਹੋਣ ’ਤੇ ਆਪਣੇ ਆਪ ਦਵਾਈ ਨਾ ਲਓ ਅਤੇ ਡਾਕਟਰੀ ਸਲਾਹ ਜ਼ਰੂਰ ਲਵੋ।

Scroll to Top