ਲੁਧਿਆਣਾ ਦੇ ਕੈਲਾਸ਼ ਨਗਰ ਵਿੱਚ ਦੇਸੀ ਘਿਓ ਦੀ ਫੈਕਟਰੀ ’ਤੇ ਫੂਡ ਸੇਫਟੀ ਵਿਭਾਗ ਦੀ ਰੇਡ
ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸ਼ੁੱਧ, ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹੇ ਵਿੱਚ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਸਿਵਲ ਸਰਜਨ ਡਾ. ਰਾਮਨਦੀਪ ਕੌਰ ਦੀ ਅਗਵਾਈ ਹੇਠ ਟੀਮ ਨੇ ਅੱਜ ਕੈਲਾਸ਼ ਨਗਰ ਸਥਿਤ ਦੇਸੀ ਘਿਓ ਦੀ ਇੱਕ ਫੈਕਟਰੀ ’ਤੇ ਛਾਪੇਮਾਰੀ ਕਰਕੇ ਉੱਥੇ ਤਿਆਰ ਅਤੇ ਸਟੋਰ ਕੀਤੇ ਜਾ ਰਹੇ ਉਤਪਾਦਾਂ ਦੀ ਜਾਂਚ ਕੀਤੀ।
ਜਾਂਚ ਦੌਰਾਨ ਟੀਮ ਨੇ ਸਰਤਾਜ, ਦਿਆਲ ਅਤੇ ਡੇਅਰੀ ਫਾਰਮ ਬ੍ਰਾਂਡਾਂ ਦੇ 135 ਕਿਲੋ ਦੇਸੀ ਘਿਓ ਸਮੇਤ 3,405 ਕਿਲੋ ਖੁੱਲ੍ਹਾ ਦੇਸੀ ਘਿਓ ਬਰਾਮਦ ਕੀਤਾ। ਵਿਭਾਗ ਵੱਲੋਂ ਕੁੱਲ 4,215 ਕਿਲੋ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ, 675 ਕਿਲੋ ਮਿਆਦ ਪੁੱਗਿਆ ਦੇਸੀ ਘਿਓ ਵੀ ਮਿਲਿਆ, ਜਿਸ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ, ਤਾਂ ਜੋ ਇਹ ਬਾਜ਼ਾਰ ਵਿੱਚ ਵਿਕਰੀ ਲਈ ਨਾ ਪਹੁੰਚ ਸਕੇ।
ਟੀਮ ਵੱਲੋਂ ਫੈਕਟਰੀ ਵਿੱਚ ਉਤਪਾਦਾਂ ਦੀ ਪੈਕਿੰਗ, ਲੇਬਲਿੰਗ, ਮਿਆਦ ਪੁੱਗਣ ਦੀ ਤਾਰੀਖ ਅਤੇ ਸਟੋਰੇਜ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਗਈ। ਇਸ ਦੌਰਾਨ ਦੇਸੀ ਘਿਓ ਦੇ ਪੰਜ ਅਤੇ ਸਰ੍ਹੋਂ ਦੇ ਤੇਲ ਦਾ ਇੱਕ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਲੈਬਾਰਟਰੀ ਵਿੱਚ ਭੇਜਿਆ ਗਿਆ। ਇਨ੍ਹਾਂ ਸੈਂਪਲਾਂ ਦੀ ਜਾਂਚ ਰਾਹੀਂ ਉਤਪਾਦਾਂ ਦੀ ਸ਼ੁੱਧਤਾ, ਗੁਣਵੱਤਾ ਅਤੇ ਖਾਧ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਬਾਰੇ ਪਤਾ ਲਗਾਇਆ ਜਾਵੇਗਾ। ਲੈਬਾਰਟਰੀ ਦੀ ਰਿਪੋਰਟ ਵਿੱਚ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਫਰਮ ਜਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਰਾਮਨਦੀਪ ਕੌਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਿਉਹਾਰਾਂ ਦੌਰਾਨ ਮਠਿਆਈਆਂ, ਦੁੱਧ ਤੋਂ ਬਣੇ ਪਦਾਰਥਾਂ, ਘਿਓ ਅਤੇ ਖਾਣ ਵਾਲੇ ਤੇਲਾਂ ਦੀ ਮੰਗ ਵਧਣ ਕਾਰਨ ਵਿਭਾਗ ਵੱਲੋਂ ਵਿਸ਼ੇਸ਼ ਨਿਗਰਾਨੀ ਅਤੇ ਅਚਨਚੇਤ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਖਾਧ ਪਦਾਰਥਾਂ ਦੇ ਕਾਰੋਬਾਰੀਆਂ ਨੂੰ ਮਿਆਰੀ ਕੱਚਾ ਮਾਲ ਵਰਤਣ ਅਤੇ ਮਿਆਦ ਪੁੱਗੇ ਉਤਪਾਦਾਂ ਦੀ ਵਿਕਰੀ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਨਾਲ ਹੀ ਲੋਕਾਂ ਨੂੰ ਖਰੀਦਦਾਰੀ ਸਮੇਂ ਪੈਕਿੰਗ, ਬੈਚ ਨੰਬਰ, ਲੇਬਲ ਅਤੇ ਮਿਆਦ ਪੁੱਗਣ ਦੀ ਤਾਰੀਖ ਦੀ ਜਾਂਚ ਕਰਨ ਲਈ ਕਿਹਾ।