ਲੁਧਿਆਣਾ ਜ਼ਿਲ੍ਹੇ ਦਾ ਪਹਿਲਾ ਡ੍ਰੋਨ ਸ਼ੋਅ 16 ਸਤੰਬਰ ਨੂੰ ਖੰਨਾ ’ਚ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਮੋਗਾ ਵਿੱਚ ਕਰਵਾਏ ਜਾ ਰਹੇ ਡ੍ਰੋਨ ਸ਼ੋਆਂ ਦੀਆਂ ਤਿਆਰੀਆਂ ਸਬੰਧੀ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੰਤਰੀਆਂ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਪਹਿਲਾ ਡ੍ਰੋਨ ਸ਼ੋਅ 16 ਸਤੰਬਰ ਨੂੰ ਏ.ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਖੇ ਹੋਵੇਗਾ। ਇਸ ਤੋਂ ਬਾਅਦ 17 ਸਤੰਬਰ ਨੂੰ ਪਾਇਲ, 18 ਨੂੰ ਸਾਹਨੇਵਾਲ, 19 ਨੂੰ ਪੀਏਯੂ ਲੁਧਿਆਣਾ, 20 ਨੂੰ ਦਾਖਾ, 21 ਨੂੰ ਰਾਏਕੋਟ ਅਤੇ 22 ਸਤੰਬਰ ਨੂੰ ਜਗਰਾਉਂ ਵਿੱਚ ਡ੍ਰੋਨ ਸ਼ੋਅ ਕਰਵਾਏ ਜਾਣਗੇ।
ਸ਼ੋਅ ਸ਼ਾਮ 6 ਵਜੇ ਕੀਰਤਨ ਨਾਲ ਸ਼ੁਰੂ ਹੋਣਗੇ। ਇਸ ਤੋਂ ਬਾਅਦ 500 ਤੋਂ ਵੱਧ ਆਧੁਨਿਕ ਡ੍ਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਨੂੰ ਦਰਸਾਉਂਦੇ ਅਲੌਕਿਕ ਦ੍ਰਿਸ਼ ਪੇਸ਼ ਕੀਤੇ ਜਾਣਗੇ।
ਮੰਤਰੀਆਂ ਨੇ ਅਧਿਕਾਰੀਆਂ ਨੂੰ ਸੰਗਤ ਦੇ ਬੈਠਣ, ਲੰਗਰ, ਪੀਣ ਵਾਲੇ ਪਾਣੀ, ਸਫ਼ਾਈ, ਪਾਰਕਿੰਗ, ਲਾਈਟਿੰਗ, ਮੈਡੀਕਲ ਟੀਮਾਂ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਸਮੇਤ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪੁਲਿਸ ਵੱਲੋਂ ਸੁਰੱਖਿਆ ਅਤੇ ਟਰੈਫ਼ਿਕ ਪ੍ਰਬੰਧ ਵੀ ਸੰਭਾਲੇ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਡ੍ਰੋਨ ਸ਼ੋਅ ਧਾਰਮਿਕ ਆਸਥਾ ਅਤੇ ਆਧੁਨਿਕ ਤਕਨਾਲੋਜੀ ਦੇ ਸੁਮੇਲ ਦਾ ਵਿਲੱਖਣ ਉਦਾਹਰਨ ਹੋਣਗੇ।