ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ’ਚ ਮੇਅਰ ਤੇ ਨਗਰ ਨਿਗਮ ਕਮਿਸ਼ਨਰ ਨੇ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 August 30, 2026

ਲੁਧਿਆਣਾ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਦੇ ਉਦੇਸ਼ ਨਾਲ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਅੱਜ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਪੱਖੋਵਾਲ ਰੋਡ ਸਥਿਤ ਨਹਿਰੂ ਸਿਧਾਂਤ ਕੇਂਦਰ ਦੇ ਬਾਹਰੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਆਸ-ਪਾਸ ਦੇ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਕਰਕੇ ਕੂੜਾ ਹਟਾਇਆ ਗਿਆ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ਹਿਰ ਦੀ ਸਫ਼ਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਹਰੇਕ ਇਲਾਕੇ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ।
ਮੇਅਰ ਅਤੇ ਕਮਿਸ਼ਨਰ ਨੇ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਫ਼ਾਈ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਸਫ਼ਾਈ ਮੁਹਿੰਮਾਂ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਅਚਨਚੇਤ ਨਿਰੀਖਣ ਵੀ ਕੀਤੇ ਜਾਣਗੇ।
ਇਸ ਮੌਕੇ ਕੌਂਸਲਰ ਗੁਰਪ੍ਰੀਤ ਬੱਬਲ, ਚੇਤਨ ਥਾਪਰ, ਐਮ.ਸੀ. ਹੈਲਥ ਅਫ਼ਸਰ ਡਾ. ਵਿਪਲ ਮਲਹੋਤਰਾ ਸਮੇਤ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।
ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਖੁੱਲ੍ਹੇ ਵਿੱਚ ਨਾ ਸੁੱਟਣ ਅਤੇ ਲੁਧਿਆਣਾ ਨੂੰ ਸਾਫ਼ ਤੇ ਹਰਾ-ਭਰਾ ਬਣਾਉਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ।

Scroll to Top