ਭੱਟੀਆਂ ਸੀਵਰੇਜ ਲਾਈਨ ਦੀ 30 ਸਾਲ ਪੁਰਾਣੀ ਸਮੱਸਿਆ ਜਲਦ ਹੋਵੇਗੀ ਖਤਮ: ਲੁਧਿਆਣਾ ਮੇਅਰ
ਭੱਟੀਆਂ ਸੀਵਰੇਜ ਲਾਈਨ ਵਿੱਚ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਚੱਲ ਰਹੀ ਗੰਭੀਰ ਸਮੱਸਿਆ ਨੂੰ ਦੂਰ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਲੁਧਿਆਣਾ ਦੀ ਮੇਅਰ ਨੇ ਦਾਅਵਾ ਕੀਤਾ ਹੈ ਕਿ ਭੱਟੀਆਂ ਸੀਵਰੇਜ ਲਾਈਨ ਦੀ ਸਮੱਸਿਆ ਜਲਦ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਅਤੇ ਇਸ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਜਾਣਕਾਰੀ ਮੁਤਾਬਕ ਭੱਟੀਆਂ ਦੀ ਸੀਵਰੇਜ ਲਾਈਨ ਵਿੱਚ ਸਾਲਾਂ ਤੋਂ ਜਮ੍ਹੀ ਹੋਈ ਸਖ਼ਤ ਗਾਦ ਕਾਰਨ ਸੀਵਰੇਜ ਦਾ ਪਾਣੀ ਭੱਟੀਆਂ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਤੱਕ ਪੂਰੀ ਸਮਰੱਥਾ ਨਾਲ ਨਹੀਂ ਪਹੁੰਚ ਰਿਹਾ ਸੀ। ਆਮ ਸੁਪਰ ਸਕਰ ਮਸ਼ੀਨਾਂ ਨਾਲ ਵੀ ਇਸ ਗਾਦ ਨੂੰ ਹਟਾਉਣਾ ਮੁਸ਼ਕਲ ਬਣਿਆ ਹੋਇਆ ਸੀ। ਇਸ ਕਾਰਨ ਕਰੀਬ 130 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਬੁਨਿਆਦੀ ਢਾਂਚਾ ਵੀ ਪੂਰੀ ਤਰ੍ਹਾਂ ਵਰਤੋਂ ਵਿੱਚ ਨਹੀਂ ਆ ਰਿਹਾ ਸੀ।
ਸਮੱਸਿਆ ਦੇ ਹੱਲ ਲਈ ਸਵਿਟਜ਼ਰਲੈਂਡ ਦੀ ਇੱਕ ਵਿਸ਼ੇਸ਼ ਕੰਪਨੀ ਦੀ ਮਦਦ ਲਈ ਗਈ ਅਤੇ ਹਾਈਟੈਕ ਨੋਜ਼ਲਾਂ ਤੇ ਰੋਬੋਟਿਕ ਕੈਮਰਿਆਂ ਦੀ ਵਰਤੋਂ ਕੀਤੀ ਗਈ। ਦੱਸਿਆ ਗਿਆ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਪਹਿਲੀ ਵਾਰ ਕੀਤੀ ਗਈ ਹੈ। ਸੀਵਰੇਜ ਲਾਈਨ ਦੀ ਸਫਾਈ ਦੌਰਾਨ ਕੁਝ ਮੈਨਹੋਲ ਇੱਕ ਸਥਾਨਕ ਗੁਰਦੁਆਰਾ ਸਾਹਿਬ ਦੀ ਰਸੋਈ ਦੇ ਅੰਦਰ ਹੋਣ ਕਾਰਨ ਗੁਰਦੁਆਰਾ ਪ੍ਰਬੰਧਕਾਂ ਨਾਲ ਤਾਲਮੇਲ ਕਰਕੇ ਕੰਮ ਕੀਤਾ ਗਿਆ।
ਇਸ ਕਾਰਵਾਈ ਤੋਂ ਬਾਅਦ ਸੀਵਰੇਜ ਦੇ ਵਹਾਅ ਨੂੰ ਮੁੜ ਭੱਟੀਆਂ STP ਵੱਲ ਮੋੜਨ ਵਿੱਚ ਸਫਲਤਾ ਮਿਲੀ ਹੈ। ਪਲਾਂਟ ਦੀ ਕਾਰਗੁਜ਼ਾਰੀ ਜੋ ਪਹਿਲਾਂ ਕਰੀਬ 50 ਫੀਸਦੀ ਰਹੀ ਦੱਸੀ ਜਾ ਰਹੀ ਸੀ, ਹੁਣ ਲਗਭਗ 80 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ।
ਇਸ ਦਾ ਸਿੱਧਾ ਲਾਭ ਧੋਕਾ ਮੁਹੱਲਾ ਸਮੇਤ ਹੇਠਲੇ ਇਲਾਕਿਆਂ ਨੂੰ ਮਿਲਣ ਦੀ ਉਮੀਦ ਹੈ, ਜਿੱਥੇ ਪਿਛਲੇ 3-4 ਸਾਲਾਂ ਤੋਂ ਹਰ ਮਾਨਸੂਨ ਦੌਰਾਨ ਮੀਂਹ ਦਾ ਪਾਣੀ ਘਰਾਂ ਵਿੱਚ ਦਾਖਲ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੇਅਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਪੁਰਾਣੀ ਸਮੱਸਿਆ ਨੂੰ ਸਥਾਈ ਤੌਰ ’ਤੇ ਹੱਲ ਕਰਨ ਲਈ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਭੱਟੀਆਂ ਸੀਵਰੇਜ ਲਾਈਨ ਦੀ ਸਮੱਸਿਆ ਜਲਦ ਖਤਮ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ।