ਭਗਵਾਨ ਵਾਲਮੀਕਿ ਜੀ ਤੀਰਥ ਸਥਲ ਦੇ ਪਾਵਨ ਸਰੋਵਰ ਵਿੱਚ 500 ਰੰਗਦਾਰ ਮੱਛੀਆਂ ਦਾ ਪੂੰਗ ਛੱਡਿਆ

🗂️ विषय / Category: पंजाब / Punjab 📹 Full Video / पूरा वीडियो 📅 October 19, 2026 🌐 GPS: Amritsar

ਭਗਵਾਨ ਵਾਲਮੀਕਿ ਜੀ ਤੀਰਥ ਸਥਲ ਦੇ ਪਾਵਨ ਸਰੋਵਰ ਵਿੱਚ 500 ਰੰਗਦਾਰ ਮੱਛੀਆਂ ਦਾ ਪੂੰਗ ਛੱਡਿਆ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਤੀਰਥ ਸਥਲ ਦੇ ਵਿਕਾਸ ਅਤੇ ਸੁੰਦਰੀਕਰਨ ’ਤੇ ਖਰਚੇ ਜਾ ਰਹੇ ਹਨ ਕਰੀਬ 17.72 ਕਰੋੜ ਰੁਪਏ: ਹਰਭਜਨ ਸਿੰਘ ਈ.ਟੀ.ਓ.

– ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਈਨ ਬੋਰਡ ਦੇ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਸ੍ਰੀ ਬਾਲ ਜੋਗੀ ਪ੍ਰਗਟ ਨਾਥ, ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਅੱਜ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਦੇ ਪਾਵਨ ਸਰੋਵਰ ਵਿੱਚ 500 ਰੰਗਦਾਰ ਮੱਛੀਆਂ ਦਾ ਪੂੰਗ ਛੱਡਿਆ ਗਿਆ। ਪੰਜਾਬ ਸਰਕਾਰ ਵੱਲੋਂ ਸਰੋਵਰ ਦੀ ਸਫ਼ਾਈ ਅਤੇ ਹੋਰ ਲੋੜੀਂਦੇ ਕਾਰਜ ਕਰਵਾਉਣ ਉਪਰੰਤ ਇਸ ਵਿੱਚ ਮੁੜ ਜਲ ਭਰਿਆ ਗਿਆ ਹੈ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਰਿਸ਼ੀਆਂ, ਮੁਨੀਆਂ, ਗੁਰੂਆਂ ਅਤੇ ਪੈਗੰਬਰਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਵਾਲਮੀਕਿ ਤੀਰਥ ਉਹ ਪਾਵਨ ਅਸਥਾਨ ਹੈ, ਜਿੱਥੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਨੇ ਤਪੱਸਿਆ ਕੀਤੀ ਅਤੇ ਲਵ-ਕੁਸ਼ ਨੂੰ ਵਿੱਦਿਆ ਪ੍ਰਦਾਨ ਕੀਤੀ। ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਨੂੰ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪਾਵਨ ਅਸਥਾਨ ਦੀ ਸੁੰਦਰਤਾ ਵਧਾਉਣ ਅਤੇ ਸੰਗਤ ਦੀ ਸਹੂਲਤ ਲਈ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਅੱਜ ਪਾਵਨ ਸਰੋਵਰ ਵਿੱਚ 500 ਰੰਗਦਾਰ ਮੱਛੀਆਂ ਦਾ ਪੂੰਗ ਛੱਡਿਆ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ ਸਰੋਵਰ ਵਿੱਚ ਤਕਰੀਬਨ 2,500 ਮੱਛੀਆਂ ਦਾ ਪੂੰਗ ਛੱਡਿਆ ਗਿਆ ਸੀ, ਜਿਸ ਵਿੱਚ ਰੋਹੂ, ਮਿਰਗਲ ਕਾਰਪ, ਕਾਮਨ ਕਾਰਪ ਅਤੇ ਗਰਾਸ ਕਾਰਪ ਕਿਸਮਾਂ ਦੀਆਂ ਮੱਛੀਆਂ ਸ਼ਾਮਲ ਸਨ। ਅੱਜ ਛੱਡੀਆਂ ਗਈਆਂ ਮੱਛੀਆਂ ਵਿੱਚ ਕੋਈ ਕਾਰਪ, ਰੈੱਡ ਹੈੱਡ ਅਤੇ ਹੋਰ ਮਿਲਦੀਆਂ-ਜੁਲਦੀਆਂ ਰੰਗਦਾਰ ਕਿਸਮਾਂ ਦੀਆਂ ਮੱਛੀਆਂ ਸ਼ਾਮਲ ਹਨ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਕਰੀਬ 17.72 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਵਿੱਚੋਂ 3.74 ਕਰੋੜ ਰੁਪਏ ਪਾਵਨ ਸਰੋਵਰ ਦੀ ਸਫ਼ਾਈ, ਗਾਰ ਕੱਢਣ, ਸਾਫ਼ ਰੇਤ ਪਾਉਣ ਅਤੇ ਹੋਰ ਸਬੰਧਤ ਕਾਰਜਾਂ ’ਤੇ ਖਰਚ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਕਰੀਬ 2.80 ਕਰੋੜ ਰੁਪਏ ਦੀ ਲਾਗਤ ਨਾਲ ਮੁੱਖ ਮੰਦਰ ਦੀ ਪੇਂਟਿੰਗ ਅਤੇ ਪਾਲਿਸ਼ਿੰਗ, ਰਸਤੇ ਦੇ ਪਿੱਲਰਾਂ ਦੀ ਮੁਰੰਮਤ ਅਤੇ ਸੈਂਡ ਸਟੋਨ ਦੀ ਸਿਲੀਕਾਨ ਕਟਿੰਗ ਦੇ ਕੰਮ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ 2.42 ਕਰੋੜ ਰੁਪਏ ਦੀ ਲਾਗਤ ਨਾਲ ਸੰਗਤ ਹਾਲ ਦੇ ਪੱਥਰਾਂ ਦੀ ਮੁਰੰਮਤ ਅਤੇ ਲੰਗਰ ਹਾਲ, ਸਰਾਂ ਤੇ ਪੈਨੋਰਮਾ ਸਥਿਤ ਹਾਲ ਦੀ ਪੇਂਟਿੰਗ ਦੇ ਕਾਰਜ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਰਾਂ ਵਿੱਚ ਨਵਾਂ ਫਰਨੀਚਰ, ਏ.ਸੀ. ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਕਰੀਬ 1.74 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਦੀ ਸਮਰੱਥਾ ਵਧਾਉਣ, ਬਾਥਰੂਮਾਂ ਦੀ ਮੁਰੰਮਤ, ਨਵੇਂ ਏ.ਸੀ. ਅਤੇ ਗੀਜ਼ਰ ਲਗਾਉਣ ਅਤੇ ਫਾਇਰ ਸੇਫਟੀ ਸਿਸਟਮ ਸਮੇਤ ਹੋਰ ਵਿਕਾਸ ਕਾਰਜਾਂ ’ਤੇ 5 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੂਹ ਸੰਗਤ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪਾਵਨ ਮੌਕੇ ’ਤੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਤੀਰਥ ਸਥਲ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਵੱਖ-ਵੱਖ ਕਾਰਜ ਕੀਤੇ ਗਏ ਹਨ।

ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਈਨ ਬੋਰਡ ਦੇ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਨੇ ਤੀਰਥ ਸਥਲ ’ਤੇ ਚੱਲ ਰਹੇ ਵਿਕਾਸ ਅਤੇ ਸੇਵਾ ਕਾਰਜਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਵਨ ਅਸਥਾਨ ਦੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਦੱਸਿਆ ਕਿ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।

ਇਸ ਮੌਕੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਸ੍ਰੀਮਤੀ ਸੋਨੀਆ ਮਾਨ ਨੇ ਕਿਹਾ ਕਿ ਪਾਵਨ ਤੀਰਥ ਸਥਲ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਪਿਆਰ, ਤਿਆਗ ਅਤੇ ਲੋੜਵੰਦਾਂ ਦੀ ਸੇਵਾ ਦੇ ਮਾਰਗ ’ਤੇ ਚੱਲ ਕੇ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਮਹਾਨ ਰਚਨਾ ਰਮਾਇਣ ਸਮੁੱਚੀ ਲੋਕਾਈ ਨੂੰ ਸਦਾ ਸੱਚ ਅਤੇ ਨੇਕੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ ਰਹੇਗੀ।

ਇਸ ਮੌਕੇ ਸ੍ਰੀ ਅਜੇ ਦੱਤ, ਵਿਧਾਇਕ ਅੰਬੇਡਕਰ ਨਗਰ, ਨਵੀਂ ਦਿੱਲੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਮਿਸ਼ਰਾ, ਐੱਸ.ਡੀ.ਐੱਮ. ਲੋਪੋਕੇ ਸ. ਮਨਬੀਰ ਸਿੰਘ ਅਤੇ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਈਨ ਬੋਰਡ ਦੇ ਜੀ.ਐੱਮ. ਸ੍ਰੀ ਮਧੁਰ ਭਾਟੀਆ, ਸ. ਸਰਬਜੀਤ ਸਿੰਘ ਨਿੱਜਰ, ਸਹਾਇਕ ਡਾਇਰੈਕਟਰ, ਮੱਛੀ ਪਾਲਣ ਵਿਭਾਗ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Scroll to Top