ਪਿਛਲੇ 8 ਮਹੀਨਿਆਂ ਦੌਰਾਨ ਬਠਿੰਡਾ ਜਿਲ੍ਹੇ ਵਿੱਚ 10 ਬੱਚੇ ਲਏ ਗਏ ਗੋਦ: ਡਿਪਟੀ ਕਮਿਸ਼ਨਰ
ਪਿਛਲੇ 8 ਮਹੀਨਿਆਂ ਦੌਰਾਨ ਬਠਿੰਡਾ ਜਿਲ੍ਹੇ ਵਿੱਚ 10 ਬੱਚੇ ਲਏ ਗਏ ਗੋਦ: ਡਿਪਟੀ ਕਮਿਸ਼ਨਰ
ਤਿੰਨ ਬੱਚਿਆਂ ਨੂੰ ਅਮਰੀਕਾ, ਕੈਨੇਡਾ ਅਤੇ ਇਟਲੀ ਦੇ ਪਰਿਵਾਰਾਂ ਨੇ ਲਿਆ ਗੋਦ, ਗੋਦ ਲੈਣ ਦੇ ਚਾਹਵਾਨ CARA ਪੋਰਟਲ ’ਤੇ ਕਰਵਾਉਣ ਰਜਿਸਟ੍ਰੇਸ਼ਨ
ਬਠਿੰਡਾ, 2 ਨਵੰਬਰ (ਮਨੋਜ ਚਰਖੀਵਾਲ)
ਜ਼ਿਲ੍ਹਾ ਬਠਿੰਡਾ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਪਰਿਵਾਰਕ ਮਾਹੌਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿਛਲੇ ਅੱਠ ਮਹੀਨਿਆਂ ਦੌਰਾਨ 10 ਬੱਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਗੋਦ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਨੂੰ ਅਮਰੀਕਾ, ਕੈਨੇਡਾ ਅਤੇ ਇਟਲੀ ਦੇ ਪਰਿਵਾਰਾਂ ਨੇ ਗੋਦ ਲਿਆ ਹੈ, ਜਦਕਿ ਬਾਕੀ ਬੱਚਿਆਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਪਰਿਵਾਰਾਂ ਨੇ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਗੋਦ ਲਏ ਗਏ 10 ਬੱਚਿਆਂ ਵਿੱਚ ਪੰਜ ਮੁੰਡੇ ਅਤੇ ਪੰਜ ਕੁੜੀਆਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ ਦੋ ਮਹੀਨੇ ਤੋਂ ਲੈ ਕੇ ਸੱਤ ਸਾਲ ਤੱਕ ਹੈ। ਇਨ੍ਹਾਂ ਬੱਚਿਆਂ ਨੂੰ ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਮੋਹਾਲੀ, ਐੱਸ.ਏ.ਐੱਸ. ਨਗਰ ਅਤੇ ਪੱਛਮੀ ਬੰਗਾਲ ਸਮੇਤ ਵੱਖ-ਵੱਖ ਥਾਵਾਂ ਦੇ ਪਰਿਵਾਰਾਂ ਵੱਲੋਂ ਗੋਦ ਲਿਆ ਗਿਆ ਹੈ।
ਉਹਨਾ ਨੇ ਦੱਸਿਆ ਕਿ ਬੱਚਾ ਗੋਦ ਲੈਣ ਦੇ ਚਾਹਵਾਨ ਪਰਿਵਾਰਾਂ ਵੱਲੋਂ ਭਾਰਤ ਸਰਕਾਰ ਦੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ (CARA) ਦੇ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ। ਨਿਰਧਾਰਤ ਦਸਤਾਵੇਜ਼ ਅਤੇ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਬੱਚਾ ਗੋਦ ਦੇਣ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਸਿਰਫ਼ ਦੋ ਅਧਿਕਾਰਤ ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀਆਂ ਹਨ। ਇਨ੍ਹਾਂ ਵਿੱਚ ਰੈੱਡ ਕਰਾਸ ਅਡਾਪਸ਼ਨ ਏਜੰਸੀ, ਮਹੰਤ ਗੁਰਬੰਤਾ ਦਾਸ ਸਕੂਲ ਨੇੜੇ ਥਰਮਲ ਪਲਾਂਟ ਦੀਆਂ ਝੀਲਾਂ ਅਤੇ ਸ੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਿਸੇ ਹੋਰ ਸੰਸਥਾ ਨੂੰ ਬੱਚੇ ਗੋਦ ਦੇਣ ਦਾ ਅਧਿਕਾਰ ਨਹੀਂ ਹੈ।
ਉਹਨਾ ਨੇ ਦੱਸਿਆ ਕਿ ਦੋਵਾਂ ਕੇਂਦਰਾਂ ਵਿੱਚ ਪੰਘੂੜੇ ਵੀ ਸਥਾਪਤ ਕੀਤੇ ਗਏ ਹਨ, ਤਾਂ ਜੋ ਬੱਚੇ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਮਾਪੇ ਉਸ ਨੂੰ ਸੁਰੱਖਿਅਤ ਢੰਗ ਨਾਲ ਉੱਥੇ ਛੱਡ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਾ ਗੋਦ ਲੈਣ ਜਾਂ ਦੇਣ ਲਈ ਕਿਸੇ ਵੀ ਗੈਰ-ਕਾਨੂੰਨੀ ਤਰੀਕੇ ਦਾ ਸਹਾਰਾ ਨਾ ਲਿਆ ਜਾਵੇ ਅਤੇ ਸਿਰਫ਼ ਸਰਕਾਰ ਵੱਲੋਂ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਹੀ ਅਪਣਾਈ ਜਾਵੇ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਨੇ ਕਿਹਾ ਕਿ ਬੱਚਾ ਗੋਦ ਲੈਣ ਦੇ ਇੱਛੁਕ ਵਿਅਕਤੀ ਸਬੰਧਤ ਵਿਭਾਗ ਜਾਂ ਅਧਿਕਾਰਤ ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਅਪਣਾਉਣ ਨਾਲ ਬੱਚਿਆਂ ਦੀ ਸੁਰੱਖਿਆ, ਅਧਿਕਾਰਾਂ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਗੋਦ ਲੈਣ ਲਈ ਰਜਿਸਟ੍ਰੇਸ਼ਨ ਵੈੱਬਸਾਈਟ: https://cara.wcd.gov.in/