ਪਾਵਰਕਾਮ ਦੇ ਸੀਐਮਡੀ ਬਸੰਤ ਗਰਗ ਦਾ ਤਬਾਦਲਾ, ਗੁਰਕਿਰਤ ਕਿਰਪਾਲ ਸਿੰਘ ਨੂੰ ਮਿਲੀ ਜ਼ਿੰਮੇਵਾਰੀ
ਪੰਜਾਬ ਸਰਕਾਰ ਨੇ ਪਾਵਰ ਕੌਮ ਦੇ ਸੀਐਮਡੀ ਬਸੰਤ ਗਰਗ ਨੂੰ ਬਦਲਿਆ ਬਿਜਲੀ ਸੰਕਟ ਨੂੰ ਨਾ ਨਜਿਠਣਾ ਪਿਆ ਭਾਰੂ
ਸਟਾਫ ਰਿਪੋਰਟਰ, ਪਟਿਆਲਾ: ਪੰਜਾਬ ਸਰਕਾਰ ਨੇ ਪ੍ਰਬੰਧਕੀ ਜ਼ਰੂਰਤਾਂ ਦੇ ਮੱਦੇਨਜ਼ਰ ਦੋ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਬਿਜਲੀ ਵਿਭਾਗ ਅਤੇ ਪਾਵਰਕਾਮ ਨਾਲ ਜੁੜੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਬਸੰਤ ਗਰਗ ਨੂੰ ਇਨ੍ਹਾਂ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।
ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਜਾਰੀ ਹੁਕਮਾਂ ਅਨੁਸਾਰ 2001 ਬੈਚ ਦੇ ਆਈ.ਏ.ਐਸ. ਅਧਿਕਾਰੀ ਗੁਰਕਿਰਤ ਕਿਰਪਾਲ ਸਿੰਘ ਨੂੰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਨਾਲ ਬਿਜਲੀ ਵਿਭਾਗ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਗੁਰਕਿਰਤ ਕਿਰਪਾਲ ਸਿੰਘ ਨੂੰ ਪੰਜਾਬ ਰਾਜ ਪਾਵਰ ਨਿਗਮ ਲਿਮਟਿਡ (ਪਾਵਰਕਾਮ) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ (ਪੈਸਕੋ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਉੱਧਰ ਬਸੰਤ ਗਰਗ ਨੂੰ ਪ੍ਰਬੰਧਕੀ ਸਕੱਤਰ, ਉਦਯੋਗ ਤੇ ਵਣਜ ਵਿਭਾਗ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪੂੰਜੀ ਪ੍ਰੋਤਸਾਹਨ ਅਤੇ ਸੂਚਨਾ ਤਕਨੀਕ ਉਦਯੋਗ ਤਰੱਕੀ ਵਿਭਾਗ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ