ਧੂਰੀ ਨੇੜੇ ਜਹਾਂਗੀਰ ਦੀ ਹਾਰ ਕੈਮੀਕਲ ਫੈਕਟਰੀ ਨੂੰ ਲੈ ਕੇ ਵਿਵਾਦ, ਲੋਕਾਂ ਦਾ ਇਲਜ਼ਾਮ—ਧਰਤੀ ਹੇਠੋਂ ਨਿਕਲ ਰਿਹਾ ਕਾਲਾ ਪਾਣੀ

📍 स्थान / Location: Sangrur 🗂️ विषय / Category: पंजाब / Punjab 📹 Full Video / पूरा वीडियो 📅 August 18, 2026 🌐 GPS: Sangrur

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਤਾਂ ਇਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਸਿਹਤ ਅਤੇ ਖੇਤੀਬਾੜੀ ਉੱਪਰ ਪੈ ਸਕਦਾ ਹੈ। ਲੋਕਾਂ ਵੱਲੋਂ ਫੈਕਟਰੀ ਨੂੰ ਬੰਦ ਕਰਨ ਅਤੇ ਪਾਣੀ ਦੇ ਸੈਂਪਲਾਂ ਦੀ ਵਿਗਿਆਨਕ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਕਰੀਬ ਦੋ ਹਫ਼ਤੇ ਪਹਿਲਾਂ ਅਮਤੋਜ ਮਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਪਿੰਡ ਵਾਸੀਆਂ ਨਾਲ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਫੈਕਟਰੀ ਪ੍ਰਦੂਸ਼ਣ ਫੈਲਾਉਣ ਜਾਂ ਬਿਮਾਰੀਆਂ ਦਾ ਕਾਰਨ ਬਣਨ ਦੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਹ ਲੋਕਾਂ ਦੇ ਨਾਲ ਖੜ੍ਹੇ ਹਨ।

ਦੂਜੇ ਪਾਸੇ ਫੈਕਟਰੀ ਪ੍ਰਬੰਧਨ ਨੇ ਲੋਕਾਂ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮੈਨੇਜਿੰਗ ਡਾਇਰੈਕਟਰ ਪੁਸ਼ਪਿੰਦਰ ਸਿੰਘ ਦਾ ਕਹਿਣਾ ਹੈ ਕਿ ਫੈਕਟਰੀ ਵਿੱਚ ਮੱਕੀ ਅਤੇ ਚੌਲਾਂ ਤੋਂ ਐਥਨੋਲ ਤਿਆਰ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਜਾਂ ਵੇਸਟ ਪਾਣੀ ਧਰਤੀ ਵਿੱਚ ਨਹੀਂ ਪਾਇਆ ਜਾਂਦਾ।

ਪ੍ਰਬੰਧਨ ਦਾ ਦਾਅਵਾ ਹੈ ਕਿ ਫੈਕਟਰੀ ਵਿੱਚੋਂ ਨਿਕਲਣ ਵਾਲੇ ਵੇਸਟ ਪਾਣੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਟ੍ਰੀਟ ਕਰਕੇ ਦੁਬਾਰਾ ਵਰਤਿਆ ਜਾਂਦਾ ਹੈ। ਉਨ੍ਹਾਂ ਮੁਤਾਬਕ ਪਾਣੀ ਦੀ ਕਈ ਵਾਰ ਟੈਸਟਿੰਗ ਵੀ ਕਰਵਾਈ ਗਈ ਹੈ ਅਤੇ ਰਿਪੋਰਟਾਂ ਸਹੀ ਆਈਆਂ ਹਨ।

ਮੈਨੇਜਿੰਗ ਡਾਇਰੈਕਟਰ ਨੇ ਇੱਥੋਂ ਤੱਕ ਕਿਹਾ ਹੈ ਕਿ ਜੇਕਰ ਸਰਕਾਰੀ ਜਾਂ ਵਿਗਿਆਨਕ ਜਾਂਚ ਦੌਰਾਨ ਫੈਕਟਰੀ ਕਿਸੇ ਵੀ ਪੱਧਰ ਉੱਪਰ ਗਲਤ ਪਾਈ ਜਾਂਦੀ ਹੈ ਤਾਂ ਉਹ ਖੁਦ ਫੈਕਟਰੀ ਬੰਦ ਕਰ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਫੈਕਟਰੀ ਲਗਾਉਣ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਤੋਂ ਐਨਓਸੀ ਲਈ ਗਈ ਸੀ ਅਤੇ ਇੱਕ ਕਮੇਟੀ ਨੂੰ ਫੈਕਟਰੀ ਦੀ ਜਾਂਚ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।
ਫਿਲਹਾਲ ਇਸ ਮਾਮਲੇ ਵਿੱਚ ਦੋਵੇਂ ਪੱਖਾਂ ਦੇ ਦਾਅਵੇ ਬਿਲਕੁਲ ਵੱਖਰੇ ਹਨ। ਇੱਕ ਪਾਸੇ ਲੋਕ ਫੈਕਟਰੀ ਨੂੰ ਕਥਿਤ ਪਾਣੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਦੱਸਦਿਆਂ ਜਾਂਚ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ, ਜਦਕਿ ਫੈਕਟਰੀ ਪ੍ਰਬੰਧਨ ਸਾਰੇ ਇਲਜ਼ਾਮਾਂ ਨੂੰ ਨਕਾਰ ਰਿਹਾ ਹੈ। ਹੁਣ ਅਸਲ ਸੱਚਾਈ ਸਰਕਾਰੀ ਵਿਭਾਗਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਵਿਗਿਆਨਕ ਜਾਂਚ ਅਤੇ ਪਾਣੀ ਦੇ ਸੈਂਪਲਾਂ ਦੀ ਰਿਪੋਰਟ ਤੋਂ ਹੀ ਸਪੱਸ਼ਟ ਹੋਵੇਗੀ।

Scroll to Top