ਦੀਵਾਲੀ ਤੋਂ ਪਹਿਲਾਂ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਇੱਕ ਟਨ ਤੋਂ ਵੱਧ ਪੁਰਾਣੀਆਂ ਮਿਠਾਈਆਂ ਨਸ਼ਟ ਕਰਵਾਈਆਂ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 October 31, 2026

ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਨੂੰ ਸਾਫ਼-ਸੁਥਰੀਆਂ, ਤਾਜ਼ੀਆਂ ਅਤੇ ਮਿਲਾਵਟ ਰਹਿਤ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਅਤੇ ਫੂਡ ਸੇਫਟੀ ਵਿਭਾਗ ਵੱਲੋਂ ਮਿਲਾਵਟਖੋਰੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਵੱਖ-ਵੱਖ ਕੋਲਡ ਸਟੋਰਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਲਗਭਗ ਦੋ ਤੋਂ ਤਿੰਨ ਮਹੀਨੇ ਪੁਰਾਣੀਆਂ ਇੱਕ ਟਨ ਤੋਂ ਵੱਧ ਮਿਠਾਈਆਂ ਨਸ਼ਟ ਕਰਵਾਈਆਂ ਗਈਆਂ, ਜਦਕਿ ਪੇਠਾ, ਗੁਲਾਬ ਜਾਮੁਨ ਅਤੇ ਰਸਗੁੱਲਿਆਂ ਦੇ ਤਿੰਨ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਹਲਵਾਈਆਂ ਵੱਲੋਂ ਤਿਆਰ ਕੀਤੀਆਂ ਮਿਠਾਈਆਂ ਲੰਬੇ ਸਮੇਂ ਤੋਂ ਕੋਲਡ ਸਟੋਰਾਂ ਵਿੱਚ ਰੱਖੀਆਂ ਹੋਈਆਂ ਸਨ। ਇਨ੍ਹਾਂ ਵਿੱਚ ਪੇਠਾ, ਗੁਲਾਬ ਜਾਮੁਨ, ਰਸਗੁੱਲੇ ਅਤੇ ਹੋਰ ਕਿਸਮਾਂ ਦੀਆਂ ਮਿਠਾਈਆਂ ਸ਼ਾਮਲ ਸਨ। ਫੂਡ ਸੇਫਟੀ ਟੀਮ ਨੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਇਨ੍ਹਾਂ ਪੁਰਾਣੀਆਂ ਮਿਠਾਈਆਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ, ਤਾਂ ਜੋ ਇਹ ਦੀਵਾਲੀ ਦੌਰਾਨ ਵਿਕਰੀ ਲਈ ਬਾਜ਼ਾਰ ਵਿੱਚ ਨਾ ਪਹੁੰਚ ਸਕਣ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।
ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਦੀਵਾਲੀ ਦੌਰਾਨ ਮਿਠਾਈਆਂ, ਦੁੱਧ, ਪਨੀਰ, ਖੋਆ ਅਤੇ ਦੁੱਧ ਤੋਂ ਬਣਨ ਵਾਲੀਆਂ ਹੋਰ ਵਸਤਾਂ ਦੀ ਮੰਗ ਕਾਫ਼ੀ ਵਧ ਜਾਂਦੀ ਹੈ। ਇਸ ਮੌਕੇ ਕੁਝ ਗੈਰ-ਜ਼ਿੰਮੇਵਾਰ ਫੂਡ ਕਾਰੋਬਾਰੀ ਵਧੇਰੇ ਮੁਨਾਫ਼ਾ ਕਮਾਉਣ ਦੇ ਲਾਲਚ ਵਿੱਚ ਪੁਰਾਣੀਆਂ ਜਾਂ ਗਲਤ ਢੰਗ ਨਾਲ ਸਟੋਰ ਕੀਤੀਆਂ ਖਾਣ-ਪੀਣ ਦੀਆਂ ਵਸਤਾਂ ਵੇਚਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ, ਡੇਅਰੀਆਂ, ਉਤਪਾਦਨ ਇਕਾਈਆਂ ਅਤੇ ਕੋਲਡ ਸਟੋਰਾਂ ਦੀ ਲਗਾਤਾਰ ਅਚਨਚੇਤ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੀ ਤਾਜ਼ਗੀ, ਗੁਣਵੱਤਾ, ਸਟੋਰੇਜ ਦੀਆਂ ਸਥਿਤੀਆਂ, ਸਫ਼ਾਈ ਅਤੇ ਨਿਰਧਾਰਤ ਤਾਪਮਾਨ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਵਿਸ਼ੇਸ਼ ਤੌਰ ’ਤੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਫੂਡ ਕਾਰੋਬਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਹਲਵਾਈਆਂ, ਡੇਅਰੀ ਮਾਲਕਾਂ ਅਤੇ ਮਿਠਾਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਸਿਰਫ਼ ਤਾਜ਼ੀਆਂ ਅਤੇ ਸੁਰੱਖਿਅਤ ਮਿਠਾਈਆਂ ਹੀ ਤਿਆਰ ਕਰਕੇ ਵੇਚਣ। ਮਿਠਾਈਆਂ ਦੀ ਤਿਆਰੀ ਅਤੇ ਸਟੋਰੇਜ ਦੌਰਾਨ ਸਫ਼ਾਈ ਅਤੇ ਨਿਰਧਾਰਤ ਤਾਪਮਾਨ ਦਾ ਖ਼ਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਫੂਡ ਕਾਰੋਬਾਰੀਆਂ ਲਈ ਐਕਟ ਦੇ ਸ਼ਡਿਊਲ-4 ਤਹਿਤ ਨਿਰਧਾਰਤ ਗੁੱਡ ਹਾਈਜੀਨ ਪ੍ਰੈਕਟਿਸਿਜ਼ (GHP) ਅਤੇ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਿਜ਼ (GMP) ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਦੇ ਨਾਲ ਹੀ ਹਰੇਕ ਕਾਰੋਬਾਰੀ ਕੋਲ ਵੈਧ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੋਣਾ ਵੀ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਵਿਭਾਗ ਦੀ ਇਹ ਮੁਹਿੰਮ ਸਿਰਫ਼ ਦੀਵਾਲੀ ਤੱਕ ਸੀਮਤ ਨਹੀਂ ਰਹੇਗੀ, ਸਗੋਂ ਤਿਉਹਾਰਾਂ ਤੋਂ ਬਾਅਦ ਵੀ ਕੋਲਡ ਸਟੋਰਾਂ ਅਤੇ ਹੋਰ ਫੂਡ ਅਦਾਰਿਆਂ ਦੀ ਜਾਂਚ ਜਾਰੀ ਰਹੇਗੀ।
ਫੂਡ ਸੇਫਟੀ ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਦੀਵਾਲੀ ਮੌਕੇ ਮਿਠਾਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਖਰੀਦਣ ਸਮੇਂ ਸਾਵਧਾਨੀ ਵਰਤਣ। ਮਿਠਾਈਆਂ ਸਾਫ਼-ਸੁਥਰੀਆਂ ਅਤੇ ਲਾਇਸੈਂਸਸ਼ੁਦਾ ਦੁਕਾਨਾਂ ਤੋਂ ਹੀ ਖਰੀਦੀਆਂ ਜਾਣ ਅਤੇ ਸਿਰਫ਼ ਸਸਤੇ ਭਾਅ ਦੇ ਲਾਲਚ ਵਿੱਚ ਗੁਣਵੱਤਾ ਨਾਲ ਸਮਝੌਤਾ ਨਾ ਕੀਤਾ ਜਾਵੇ। ਖੁੱਲ੍ਹੇ ਵਿੱਚ ਰੱਖੀਆਂ, ਬਾਸੀ ਜਾਂ ਸ਼ੱਕੀ ਗੁਣਵੱਤਾ ਵਾਲੀਆਂ ਮਿਠਾਈਆਂ ਖਰੀਦਣ ਤੋਂ ਪਰਹੇਜ਼ ਕੀਤਾ ਜਾਵੇ। ਜੇਕਰ ਕਿਤੇ ਮਿਲਾਵਟੀ ਜਾਂ ਸ਼ੱਕੀ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਵਿਭਾਗ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।
ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਤੇ ਸ਼ੁੱਧ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣਾ ਵਿਭਾਗ ਦੀ ਮੁੱਖ ਤਰਜੀਹ ਹੈ। ਉਨ੍ਹਾਂ ਦੁਹਰਾਇਆ ਕਿ ਮਿਲਾਵਟਖੋਰੀ ਵਿਰੁੱਧ ਮੁਹਿੰਮ ਅਤੇ ਕੋਲਡ ਸਟੋਰਾਂ ਸਮੇਤ ਵੱਖ-ਵੱਖ ਫੂਡ ਅਦਾਰਿਆਂ ਦੀ ਅਚਨਚੇਤ ਚੈਕਿੰਗ ਸਖ਼ਤੀ ਨਾਲ ਜਾਰੀ ਰਹੇਗੀ।

Scroll to Top