ਟੀ.ਬੀ. ਮੁਕਤ ਪੰਚਾਇਤਾਂ ਨੂੰ ਸਰਟੀਫਿਕੇਟ ਨਾਲ ਕੀਤਾ ਸਨਮਾਨਿਤ
ਟੀ.ਬੀ. ਮੁਕਤ ਪੰਚਾਇਤਾਂ ਨੂੰ ਸਰਟੀਫਿਕੇਟ ਨਾਲ ਕੀਤਾ ਸਨਮਾਨਿਤ
ਟੀ.ਬੀ. ਮੁਕਤ ਪੰਚਾਇਤਾਂ ਨੂੰ ਸਰਟੀਫਿਕੇਟ ਨਾਲ ਕੀਤਾ ਸਨਮਾਨਿਤ
ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਪਹਿਲ ਦੀ ਸ਼ੁਰੂਆਤ
ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ “ਜੋਸ਼” ਟੀਮਾਂ ਦੀ ਰਾਸ਼ਟਰੀ ਸ਼ੁਰੂਆਤ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦਾ ਲਾਈਵ ਟੈਲੀਕਾਸਟ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਰਾਹੁਲ ਚਾਬਾ ਆਈ.ਏ.ਐਸ. ਦੀ ਯੋਗ ਅਗਵਾਈ ਹੇਠ ਦਫਤਰ ਸਿਵਲ ਸਰਜਨ ਵਿਖੇ ਦਿਖਾਇਆ ਗਿਆ ਅਤੇ ਜਿਲ੍ਹੇ ਦੀਆਂ ਟੀ.ਬੀ. ਮੁਕਤ ਪੰਚਾਇਤਾਂ ਨੂੰ ਸਨਮਾਨਿਤ ਕਰਨ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਦੇਸ਼ ਭਰ ਵਿੱਚ ਟੀ.ਬੀ. ਦੀ ਰੋਕਥਾਮ, ਜਾਗਰੂਕਤਾ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਫਰੀਦਕੋਟ ਜ਼ਿਲ੍ਹੇ ਦੀਆਂ ਟੀ.ਬੀ. ਮੁਕਤ ਘੋਸ਼ਿਤ ਕੀਤੀਆਂ ਗਈਆਂ ਗ੍ਰਾਮ ਪੰਚਾਇਤਾਂ ਨੂੰ ਸਨਮਾਨ ਵਜੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਹ ਸਰਟੀਫਿਕੇਟ ਪੰਚਾਇਤਾਂ ਵੱਲੋਂ ਟੀ.ਬੀ. ਦੀ ਰੋਕਥਾਮ, ਮਰੀਜ਼ਾਂ ਦੀ ਸਮੇਂ ਸਿਰ ਪਛਾਣ, ਇਲਾਜ ਮੁਕੰਮਲ ਕਰਵਾਉਣ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਮਾਨਤਾ ਹਨ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਭਾਰਤ ਸਰਕਾਰ ਅਨੁਸਾਰ ਸਾਲ 2025 ਦੌਰਾਨ ਦੇਸ਼ ਦੇ 697 ਜ਼ਿਲ੍ਹਿਆਂ ਦੀਆਂ 67,933 ਪੰਚਾਇਤਾਂ ਨੂੰ ਟੀ.ਬੀ. ਮੁਕਤ ਵਜੋਂ ਮਾਨਤਾ ਦਿੱਤੀ ਗਈ ਸੀ। ਸਮਾਗਮ ਦੌਰਾਨ ਟੀ.ਬੀ. ਦੇ ਲੱਛਣਾਂ, ਬਚਾਅ, ਸਮੇਂ ਸਿਰ ਜਾਂਚ, ਪੂਰਾ ਇਲਾਜ ਕਰਵਾਉਣ ਅਤੇ ਟੀ.ਬੀ. ਨਾਲ ਜੁੜੀਆਂ ਗਲਤ ਧਾਰਨਾਵਾਂ ਤੇ ਸਮਾਜਿਕ ਭੇਦਭਾਵ ਨੂੰ ਦੂਰ ਕਰਨ ਲਈ ਜਨ-ਭਾਗੀਦਾਰੀ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਉਹਨਾਂ ਹਾਜਰ ਪਿੰਡਾਂ ਦੀਆਂ ਪੰਚਾਇਤਾਂ, ਟੀ.ਬੀ. ਵਿਭਾਗ ਦੇ ਸਟਾਫ ਅਤੇ ਨਿਕਸ਼ੇ ਮਿੱਤਰਾ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਟੀ.ਬੀ. ਮੁਕਤ ਭਾਰਤ ਅਭਿਆਨ ਦਾ ਸੁਨੇਹਾ ਘਰ-ਘਰ ਪਹੁੰਚਾਉਣ ਤਾਂ ਜੋ ਲੋਕ ਟੀ.ਬੀ. ਵਰਗੀ ਬਿਮਾਰੀ ਤੋਂ ਨਾ ਘਬਰਾਉਣ ਸਗੋਂ ਜਲਦ ਤੋਂ ਜਲਦ ਇਲਾਜ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਣ। ਜਿਲ੍ਹਾ ਟੀ.ਬੀ. ਅਫਸਰ ਡਾ. ਸਰਵਦੀਪ ਸਿੰਘ ਰੋਮਾਣਾ ਨੇ ਦੱਸਿਆ ਕਿ ਜੋਸ਼ ਟੀਮਾਂ ਵਿੱਚ ਕਲਾਸ-1 ਅਧਿਕਾਰੀਆਂ, ਮਾਈ ਭਾਰਤ ਵਲੰਟੀਅਰਾਂ ਅਤੇ ਐਨਸੀਸੀ ਕੈਡਿਟਾਂ ਨੂੰ ਸ਼ਾਮਲ ਕਰਕੇ ਟੀ.ਬੀ. ਮੁਕਤ ਭਾਰਤ ਦਾ ਸੰਦੇਸ਼ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਯੋਜਨਾ ਹੈ। “ਟੀ.ਬੀ. ਹਾਰੇਗਾ-ਦੇਸ਼ ਜਿੱਤੇਗਾ” ਦੇ ਸੰਦੇਸ਼ ਨਾਲ ਫਰੀਦਕੋਟ ਜ਼ਿਲ੍ਹੇ ਦੀਆਂ ਟੀ.ਬੀ. ਮੁਕਤ ਪੰਚਾਇਤਾਂ ਦਾ ਇਹ ਸਨਮਾਨ ਪਿੰਡ ਪੱਧਰ ’ਤੇ ਸਿਹਤ ਵਿਭਾਗ, ਪੰਚਾਇਤੀ ਰਾਜ ਸੰਸਥਾਵਾਂ, ਆਸ਼ਾ ਵਰਕਰਾਂ, ਸਿਹਤ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਟੀ.ਬੀ. ਮੁਕਤੀ ਲਈ ਸਾਂਝੀ ਭੂਮਿਕਾ ਨੂੰ ਉਤਸ਼ਾਹਿਤ ਕਰਨ ਵਾਲਾ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਸਨਮਾਨਿਤ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਸਰਕਾਰ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਉਹ ਹਮੇਸ਼ਾ ਸਿਹਤ ਵਿਭਾਗ ਦੀਆਂ ਟੀਮਾਂ ਦੇ ਨਾਲ ਤਾਲਮੇਲ ਕਰਕੇ ਸਰਕਾਰ ਵੱਲੋਂ ਮੁਹੱਈਆ ਮੁਫਤ ਸਿਹਤ ਸਹੂਲਤਾਂ, ਸੇਵਾਵਾਂ ਅਤੇ ਭਲਾਈ ਸਕੀਮਾਂ ਨੂੰ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਮੈਡੀਕਲ ਅਫਸਰ ਟੀ.ਬੀ. ਡਾ. ਹਰਮੀਤ ਸਿੰਘ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਐਸ.ਟੀ.ਐਸ. ਗੁਲਸ਼ਨ ਸ਼ਰਮਾ ਵੱਖ-ਵੱਖ ਪਿੰਡਾਂ ਤੋਂ ਪੰਚਾਇਤਾਂ ਦੇ ਨੁਮਾਇੰਦੇ ਹਾਜਰ ਸਨ।