ਜੇ.ਐੱਨ.ਵੀ. ਧਨਾਂਸੂ ਵਿਖੇ ਮਾਡਲ ਯੁਵਾ ਗ੍ਰਾਮ ਸਭਾ ਦਾ ਸਫਲ ਆਯੋਜਨ
ਲੋਕਤਾਂਤਰਿਕ ਮੁੱਲਾਂ, ਨਾਗਰਿਕ ਜਾਗਰੂਕਤਾ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੀ.ਐੱਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਧਨਾਂਸੂ ਵਿਖੇ ਮਾਡਲ ਯੁਵਾ ਗ੍ਰਾਮ ਸਭਾ (ਐੱਮ.ਵਾਈ.ਜੀ.ਐੱਸ.) ਦਾ ਆਯੋਜਨ ਕੀਤਾ ਗਿਆ।
ਸਕੂਲ ਦੀ ਪ੍ਰਿੰਸੀਪਲ ਨਿਸ਼ੀ ਗੋਇਲ ਨੇ ਦੱਸਿਆ ਕਿ ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਗ੍ਰਾਮ ਸਭਾ ਦੀ ਕਾਰਜਪ੍ਰਣਾਲੀ, ਸਥਾਨਕ ਸਵੈ-ਸ਼ਾਸਨ ਦੀ ਮਹੱਤਤਾ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਨਾਗਰਿਕਾਂ ਦੀ ਭੂਮਿਕਾ ਨੂੰ ਸਮਝਣ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਗ੍ਰਾਮ ਸਭਾ ਦੀ ਕਾਰਵਾਈ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਸਕੂਲ ਅਤੇ ਸਮੁਦਾਇ ਨਾਲ ਸਬੰਧਤ ਵੱਖ-ਵੱਖ ਮੁੱਦੇ ਅਤੇ ਸੁਝਾਅ ਪੇਸ਼ ਕੀਤੇ।
ਪ੍ਰਿੰਸੀਪਲ ਨੇ ਕਿਹਾ ਕਿ ਇਸ ਗਤੀਵਿਧੀ ਨਾਲ ਵਿਦਿਆਰਥੀਆਂ ਵਿੱਚ ਨੇਤ੍ਰਿਤਵ, ਸੰਚਾਰ, ਫੈਸਲਾ ਲੈਣ ਅਤੇ ਸਮੱਸਿਆ ਹੱਲ ਕਰਨ ਵਰਗੇ ਹੁਨਰ ਵਿਕਸਤ ਕਰਨ ਵਿੱਚ ਮਦਦ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕਤਾ ਅਤੇ ਲੋਕਤਾਂਤਰਿਕ ਭਾਗੀਦਾਰੀ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਮਿਲੀ।
ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਨਿਸ਼ੀ ਗੋਇਲ ਨੇ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਅਜਿਹੀਆਂ ਅਨੁਭਵਾਤਮਕ ਸਿੱਖਿਆ ਗਤੀਵਿਧੀਆਂ ਦੇ ਮੌਕੇ ਲਗਾਤਾਰ ਪ੍ਰਦਾਨ ਕੀਤੇ ਜਾਂਦੇ ਹਨ, ਤਾਂ ਜੋ ਕਲਾਸਰੂਮ ਵਿੱਚ ਪ੍ਰਾਪਤ ਗਿਆਨ ਨੂੰ ਸਮਾਜਿਕ ਅਤੇ ਲੋਕਤਾਂਤਰਿਕ ਜ਼ਿੰਮੇਵਾਰੀਆਂ ਨਾਲ ਜੋੜਿਆ ਜਾ ਸਕੇ।