ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੁਸਤਕ ‘ਸਿੱਖ ਸੰਘਰਸ਼ ਦੇ ਦਸਤਾਵੇਜ਼’ ਸਬੰਧੀ ਕਰਵਾਈ ਗਈ ਵਿਚਾਰ-ਚਰਚਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੁਸਤਕ ‘ਸਿੱਖ ਸੰਘਰਸ਼ ਦੇ ਦਸਤਾਵੇਜ਼’ ਸਬੰਧੀ ਕਰਵਾਈ ਗਈ ਵਿਚਾਰ-ਚਰਚਾ
ਸਿੱਖ ਸੰਘਰਸ਼ ਦੇ ਦਸਤਾਵੇਜ਼’ ਪੁਸਤਕ ਇਤਿਹਾਸ ਨੂੰ ਤੱਥਾਂ ਦੇ ਆਧਾਰ ’ਤੇ ਸਮਝਣ ਦਾ ਮਹੱਤਵਪੂਰਨ ਉਪਰਾਲਾ : ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ
)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਹੈ ਕਿ ਇਤਿਹਾਸ ਨੂੰ ਕੇਵਲ ਕਥਾਵਾਂ ਜਾਂ ਧਾਰਨਾਵਾਂ ਦੇ ਆਧਾਰ ’ਤੇ ਨਹੀਂ, ਸਗੋਂ ਮੂਲ ਦਸਤਾਵੇਜ਼ਾਂ ਅਤੇ ਪ੍ਰਮਾਣਿਕ ਸਰੋਤਾਂ ਦੇ ਆਧਾਰ ’ਤੇ ਸਮਝਣਾ ਚਾਹੀਦਾ ਹੈ। ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਦੀ ਪੁਸਤਕ ‘ਸਿੱਖ ਸੰਘਰਸ਼ ਦੇ ਦਸਤਾਵੇਜ਼’ ਇਸ ਪੱਖੋਂ ਇੱਕ ਮਹੱਤਵਪੂਰਨ ਉਪਰਾਲਾ ਹੈ, ਜਿਸ ਵਿੱਚ ਦਸਤਾਵੇਜ਼ਾਂ ਰਾਹੀਂ ਸਿੱਖ ਇਤਿਹਾਸ ਦੇ ਇੱਕ ਲੰਮੇ ਅਤੇ ਮਹੱਤਵਪੂਰਨ ਦੌਰ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੁਸਤਕ ਸਬੰਧੀ ਕਰਵਾਈ ਗਈ ਵਿਚਾਰ-ਚਰਚਾ ਦੌਰਾਨ ਬੋਲਦਿਆਂ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪੁਸਤਕ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਵਿੱਚ ਇਤਿਹਾਸਕ ਘਟਨਾਵਾਂ ਨੂੰ ਦਸਤਾਵੇਜ਼ਾਂ ਅਤੇ ਹਵਾਲਿਆਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਕਿਸੇ ਵੀ ਵਿਸ਼ੇ ’ਤੇ ਗੱਲ ਕਰਦਿਆਂ ਉਸ ਦੇ ਪਿੱਛੇ ਮੌਜੂਦ ਪ੍ਰਮਾਣਿਕ ਸਰੋਤ ਅਤੇ ਹਵਾਲੇ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਭਾਵਨਾਵਾਂ ਦੀ ਥਾਂ ਤੱਥਾਂ ਦੇ ਆਧਾਰ ’ਤੇ ਇਤਿਹਾਸ ਨੂੰ ਸਮਝਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਮਕਸਦ ਸਿਰਫ਼ ਡਿਗਰੀਆਂ ਦੇਣਾ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਵਿਰਸੇ, ਭਾਸ਼ਾ ਅਤੇ ਸਮਾਜਿਕ ਸਰੋਕਾਰਾਂ ਨਾਲ ਜੋੜਨਾ ਵੀ ਹੈ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਹੋਰ ਮਜ਼ਬੂਤ ਕਰਨ ਅਤੇ ਇਤਿਹਾਸਕ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਲਈ ਇੱਕ ਵਿਸ਼ਾਲ ਆਰਕਾਈਵ ਤਿਆਰ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਦਿਸ਼ਾ ਵਿੱਚ ਵਿਦਵਾਨਾਂ ਅਤੇ ਖੋਜਾਰਥੀਆਂ ਨਾਲ ਮਿਲ ਕੇ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ।
ਪੁਸਤਕ ਦੇ ਲੇਖਕ ਜਗਤਾਰ ਸਿੰਘ ਨੇ ਕਿਹਾ ਕਿ ‘ਸਿੱਖ ਸੰਘਰਸ਼ ਦੇ ਦਸਤਾਵੇਜ਼’ ਤਿਆਰ ਕਰਨ ਪਿੱਛੇ ਉਨ੍ਹਾਂ ਦਾ ਮੰਤਵ ਸਿੱਖ ਇਤਿਹਾਸ ਅਤੇ ਪੰਜਾਬ ਦੀ ਸਿਆਸੀ-ਸਮਾਜਿਕ ਯਾਤਰਾ ਨਾਲ ਸਬੰਧਤ ਮੂਲ ਦਸਤਾਵੇਜ਼ਾਂ ਨੂੰ ਇਕੱਠਾ ਕਰਕੇ ਪਾਠਕਾਂ ਅਤੇ ਖੋਜਾਰਥੀਆਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਸਮਝਣ ਲਈ ਪਿਛਲੇ ਲਗਭਗ ਇੱਕ ਸਦੀ ਦੇ ਘਟਨਾਕ੍ਰਮ ਨੂੰ ਉਸ ਦੇ ਇਤਿਹਾਸਕ ਸੰਦਰਭ ਵਿੱਚ ਦੇਖਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਪੁਸਤਕ ਵਿੱਚ ਵੱਖ-ਵੱਖ ਇਤਿਹਾਸਕ ਦੌਰਾਂ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਘਰਸ਼ ਜਾਂ ਲਹਿਰ ਦੀ ਅਸਲ ਸਮਝ ਉਸ ਸਮੇਂ ਦੇ ਮੂਲ ਦਸਤਾਵੇਜ਼ਾਂ ਨੂੰ ਪੜ੍ਹੇ ਬਿਨਾਂ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਅਨੁਸਾਰ ਦਸਤਾਵੇਜ਼ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਕਿਸੇ ਘਟਨਾ ਸਮੇਂ ਸਿਆਸੀ ਅਤੇ ਸਮਾਜਿਕ ਹਾਲਾਤ ਕੀ ਸਨ ਅਤੇ ਵੱਖ-ਵੱਖ ਧਿਰਾਂ ਦਾ ਰੁਖ ਕੀ ਸੀ।ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਬਾਹੀਆ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਗਤਾਰ ਸਿੰਘ ਨੇ ਲੰਬੀ ਮਿਹਨਤ ਤੋਂ ਬਾਅਦ ਇੱਕ ਅਜਿਹਾ ਕੰਮ ਕੀਤਾ ਹੈ, ਜਿਸ ਦੀ ਲੋੜ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵੱਲੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਵੱਡੀ ਗਿਣਤੀ ਵਿੱਚ ਦਸਤਾਵੇਜ਼ ਸ਼ਾਮਲ ਹਨ ਅਤੇ ਕਈ ਦਸਤਾਵੇਜ਼ ਅਜਿਹੇ ਹਨ ਜੋ ਪਹਿਲੀ ਵਾਰ ਪਾਠਕਾਂ ਦੇ ਸਾਹਮਣੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਪੁਸਤਕ ਦੀ ਵਿਸ਼ੇਸ਼ਤਾ ਸਿਰਫ਼ ਦਸਤਾਵੇਜ਼ ਇਕੱਠੇ ਕਰਨ ਤੱਕ ਸੀਮਤ ਨਹੀਂ, ਸਗੋਂ ਲੇਖਕ ਨੇ ਹਰ ਦਸਤਾਵੇਜ਼ ਦਾ ਇਤਿਹਾਸਕ ਸੰਦਰਭ ਵੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਪਾਠਕ ਨੂੰ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਦਸਤਾਵੇਜ਼ ਕਿਹੜੇ ਹਾਲਾਤ ਵਿੱਚ ਤਿਆਰ ਹੋਇਆ ਅਤੇ ਉਸ ਸਮੇਂ ਦੀ ਸਿਆਸੀ ਸਥਿਤੀ ਕੀ ਸੀ। ਉਨ੍ਹਾਂ ਕਿਹਾ ਕਿ ਪੁਸਤਕ ਸਿੱਖ ਸੰਘਰਸ਼, ਅਕਾਲੀ ਰਾਜਨੀਤੀ ਅਤੇ ਪੰਜਾਬ ਦੇ ਇਤਿਹਾਸ ਨੂੰ ਸਮਝਣ ਵਾਲੇ ਖੋਜਾਰਥੀਆਂ ਲਈ ਮਹੱਤਵਪੂਰਨ ਸਰੋਤ ਸਾਬਤ ਹੋ ਸਕਦੀ ਹੈ।
ਸੀਨੀਅਰ ਪੱਤਰਕਾਰ ਆਈ.ਪੀ. ਸਿੰਘ ਨੇ ਕਿਹਾ ਕਿ ਇਤਿਹਾਸਕ ਦਸਤਾਵੇਜ਼ ਸਿਰਫ਼ ਕਾਗਜ਼ ਦਾ ਟੁਕੜਾ ਨਹੀਂ ਹੁੰਦੇ, ਸਗੋਂ ਇਹ ਕਿਸੇ ਸਮਾਜ, ਦੇਸ਼ ਜਾਂ ਲਹਿਰ ਦੇ ਇਤਿਹਾਸ ਨੂੰ ਸਮਝਣ ਦਾ ਸਭ ਤੋਂ ਮਹੱਤਵਪੂਰਨ ਸਰੋਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੀ ਮਦਦ ਨਾਲ ਅਸੀਂ ਪ੍ਰਚਲਿਤ ਧਾਰਨਾਵਾਂ ਨੂੰ ਪਰਖ ਸਕਦੇ ਹਾਂ ਅਤੇ ਘਟਨਾਵਾਂ ਨੂੰ ਉਨ੍ਹਾਂ ਦੇ ਅਸਲ ਸੰਦਰਭ ਵਿੱਚ ਸਮਝ ਸਕਦੇ ਹਾਂ।
ਉਨ੍ਹਾਂ ਨੇ ਪੁਸਤਕ ਵਿੱਚ ਦਰਜ ਦਸਤਾਵੇਜ਼ਾਂ ਦੇ ਹਵਾਲੇ ਨਾਲ ਪੰਜਾਬ ਦੇ ਪਾਣੀਆਂ, ਸਿੱਖ ਰਾਜਨੀਤੀ, ਅਨੰਦਪੁਰ ਸਾਹਿਬ ਦੇ ਮਤੇ, ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਘਟਨਾਵਾਂ ਅਤੇ ਵੱਖ-ਵੱਖ ਰਾਜਨੀਤਕ ਦੌਰਾਂ ਦੀਆਂ ਘਟਨਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਨੂੰ ਪੜ੍ਹਨ ਨਾਲ ਇਤਿਹਾਸ ਦੀਆਂ ਕਈ ਅਜਿਹੀਆਂ ਪਰਤਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਬਾਰੇ ਆਮ ਤੌਰ ’ਤੇ ਜਨਤਕ ਚਰਚਾ ਵਿੱਚ ਘੱਟ ਗੱਲ ਹੁੰਦੀ ਹੈ।ਉਨ੍ਹਾਂ ਪੰਜਾਬੀ ਭਾਸ਼ਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਅਤੇ ਵਿਰਸੇ ਨਾਲ ਜੋੜਨ ਲਈ ਇਤਿਹਾਸਕ ਦਸਤਾਵੇਜ਼ਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ‘ਸਿੱਖ ਸੰਘਰਸ਼ ਦੇ ਦਸਤਾਵੇਜ਼’ ਪੁਸਤਕ ਰਿਲੀਜ਼ ਕੀਤੀ ਗਈ। ਸਮਾਗਮ ਵਿੱਚ ਲਗਭਗ ਇੱਕ ਹਜ਼ਾਰ ਵਿਦਵਾਨਾਂ, ਅਧਿਆਪਕਾਂ, ਪੱਤਰਕਾਰਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਪੰਜਾਬ ਤੇ ਸਿੱਖ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਸਰੋਤਿਆਂ ਨੇ ਸ਼ਮੂਲੀਅਤ ਕੀਤੀ। ਵਿਚਾਰ-ਚਰਚਾ ਦੌਰਾਨ ਸਿੱਖ ਸੱਟਡੀ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਅਤੇ ਡੀਨ ਫੈਕਲਟੀ ਨੇ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਪੁਸਤਕ ਦੇ ਲਿਖਾਰੀ ਸਰਦਾਰ ਜਗਤਾਰ ਸਿੰਘ ਦੀਆਂ ਪਹਿਲੀਆਂ ਪੁਸਤਕਾਂ ਅਤੇ ਨਵੀਂ ਪੁਸਤਕ ਸਿੱਖ ਸੰਘਰਸ਼ ਦੇ ਦਸਤਾਵੇਜ਼ ਦੇ ਵਿਸ਼ੇ ਬਾਰੇ ਬੋਲਦਿਆਂ ਦੱਸਿਆ ਕਿ ਉਨਾਂ ਦੀ ਬਤੌਰ ਲੇਖਕ ਯਾਤਰਾ ਪੰਜਾਬ ਅਤੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੱਖਾਂ ਨੂੰ ਦਸਤਾਵੇਜਾਂ, ਤੱਥਾਂ ਅਤੇ ਸਮਕਾਲੀ ਅਨੁਭਵਾਂ ਰਾਹੀਂ ਸਮਝਣ ਅਤੇ ਪਾਠਕਾਂ ਤੱਕ ਪਹੁੰਚਾਉਣ ਨਾਲ ਨਿਰੰਤਰ ਜੁੜੀ ਰਹੀ ਹੈ। ਪੁਸਤਕ ਦਾ ਆਧਾਰ ਬਣੇ ਇੱਕ ਸਦੀ ਦੇ ਕਾਲਖੰਡ ਨੂੰ ਉਹਨਾਂ ਨੇ ਇਤਿਹਾਸਿਕ ਤਬਦੀਲੀਆਂ ਦਾ ਕਾਲ ਕਿਹਾ ਅਤੇ ਇੰਨੇ ਲੰਬੇ ਅਰਸੇ ਦੇ ਦਸਤਾਵੇਜਾਂ ਨੂੰ ਇਕੱਠਾ ਕਰਨਾ ਇੱਕ ਵੱਡੀ ਪ੍ਰਾਪਤੀ ਦੱਸਿਆ। ਉਹਨਾਂ ਨੇ ਨੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਹਾਜ਼ਰ ਸ਼ਖ਼ਸੀਅਤਾਂ ਭਗਵੰਤਪਾਲ ਸਿੰਘ ਸੱਚਰ,ਪ੍ਰਵੀਨ ਪੁਰੀ,ਹਰਜਿੰਦਰ ਸਿੰਘ ਰੰਧਾਵਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਜੋਗਿੰਦਰ ਸਿੰਘ, ਡਾ. ਅਮਨਦੀਪ ਕੌਰ ਬੱਲ, ਡਾ. ਮਨੂ ਸ਼ਰਮਾ ਮੁਖੀ ਇਤਿਹਾਸ ਵਿਭਾਗ, ਡਾ. ਭਾਰਤਵੀਰ ਕੌਰ ਸੰਧੂ ਮੁਖੀ ਗੁਰੂ ਨਾਨਕ ਅਧਿਐਨ ਵਿਭਾਗ, ਡਾ. ਅਮਰ ਸਿੰਘ ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਪ੍ਰਿੰ. ਹਰਪਾਲ ਸਿੰਘ ਭਾਈ ਵੀਰ ਭਾਈ ਵੀਰ ਸਿੰਘ ਗੁਰਮਤ ਕਾਲਜ, ਘੁੱਲਾ ਸਿੰਘ ਏਕ ਜੋਤ ਲੰਗਰ ਸੇਵਾ ਸੋਸਾਇਟੀ, ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਿੰ. ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ ਅਤੇ ਵੱਖ ਵੱਖ ਵਿਭਾਗਾਂ ਦੇ ਖੋਜਾਰਥੀਆਂ, ਵਿਦਿਆਰਥੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਪੁਸਤਕ ਦੇ ਲੇਖਕ ਜਗਤਾਰ ਸਿੰਘ ਅਤੇ ਹੋਰ ਬੁਲਾਰਿਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਪੁਸਤਕ ਵੀ ਰਿਲੀਜ਼ ਕੀਤੀ ਗਈ।
ਕੈਪਸ਼ਨ : ਸਿੱਖ ਸੰਘਰਸ਼ ਦੇ ਦਸਤਾਵੇਜ਼’ ਪੁਸਤਕ ਨੂੰ ਰਿਲੀਜ਼ ਕਰਦੇ ਹੋਏ ਪ੍ਰੋ ਕਰਮਜੀਤ ਸਿੰਘ, ਜਗਤਾਰ ਸਿੰਘ, ਆਈ ਪੀ ਸਿੰਘ ਪ੍ਰੋ ਅਮਰਜੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ।