ਅਸਮਿਤਾ ਖੇਲੋ ਇੰਡੀਆ ਰਗਬੀ ਸਿਟੀ ਟੂਰਨਾਮੈਂਟ ਵਿੱਚ ਅੰਮ੍ਰਿਤਸਰ ਦੀਆਂ ਖਿਡਾਰਨਾਂ ਨੇ ਦਿਖਾਏ ਖੇਡ ਦੇ ਜੌਹਰ

🗂️ विषय / Category: पंजाब / Punjab 📹 Full Video / पूरा वीडियो 📅 September 13, 2026 🌐 GPS: Amritsar

ਅਸਮਿਤਾ ਖੇਲੋ ਇੰਡੀਆ ਰਗਬੀ ਸਿਟੀ ਟੂਰਨਾਮੈਂਟ ਵਿੱਚ ਅੰਮ੍ਰਿਤਸਰ ਦੀਆਂ ਖਿਡਾਰਨਾਂ ਨੇ ਦਿਖਾਏ ਖੇਡ ਦੇ ਜੌਹਰ

ਅੰਮ੍ਰਿਤਸਰ। ਰਗਬੀ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਰਗਬੀ ਐਸੋਸੀਏਸ਼ਨ ਆਫ਼ ਪੰਜਾਬ ਦੇ ਸਹਿਯੋਗ ਨਾਲ ਰਗਬੀ ਫੁੱਟਬਾਲ ਐਸੋਸੀਏਸ਼ਨ ਆਫ਼ ਅੰਮ੍ਰਿਤਸਰ ਵੱਲੋਂ ਸ਼ਨੀਵਾਰ ਨੂੰ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ, ਅੰਮ੍ਰਿਤਸਰ ਵਿਖੇ ਅਸਮਿਤਾ ਖੇਲੋ ਇੰਡੀਆ ਰਗਬੀ ਮਹਿਲਾ ਸਿਟੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਤੋਂ ਲਗਭਗ 250 ਮਹਿਲਾ ਖਿਡਾਰਨਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਰਗਬੀ ਖੇਡ ਵਿੱਚ ਆਪਣੀ ਪ੍ਰਤਿਭਾ ਅਤੇ ਖੇਡ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਮੌਕੇ ਰਗਬੀ ਐਸੋਸੀਏਸ਼ਨ ਆਫ਼ ਪੰਜਾਬ ਦੇ ਸਕੱਤਰ ਪਰਵਿੰਦਰ ਕੁਮਾਰ ਨੇ ਦੱਸਿਆ ਕਿ ਅਸਮਿਤਾ ਖੇਲੋ ਇੰਡੀਆ ਪ੍ਰੋਗਰਾਮ ਭਾਰਤੀ ਖੇਡ ਅਥਾਰਟੀ (SAI) ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੀ ਮਹੱਤਵਪੂਰਨ ਪਹਿਲ ਹੈ। ਇਸ ਪ੍ਰੋਗਰਾਮ ਰਾਹੀਂ ਦੇਸ਼ ਦੀਆਂ ਮਹਿਲਾ ਖਿਡਾਰਨਾਂ ਨੂੰ ਬਿਹਤਰ ਸਿਖਲਾਈ ਅਤੇ ਮੁਕਾਬਲਿਆਂ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਲਈ ਤਿਆਰ ਕੀਤਾ ਜਾ ਰਿਹਾ ਹੈ।

ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਸਵਜੀਤ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਖਿਡਾਰਨਾਂ ਨੂੰ ਖੇਡਾਂ ਰਾਹੀਂ ਜੀਵਨ ਵਿੱਚ ਅੱਗੇ ਵਧਣ ਅਤੇ ਮਿਹਨਤ, ਅਨੁਸ਼ਾਸਨ ਤੇ ਲਗਨ ਨਾਲ ਆਪਣੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

ਅੰਡਰ-15 ਵਰਗ ਵਿੱਚ ਸੇਂਟ ਮੈਰੀ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਗੋਲਡਨ ਪੰਜਾਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਸਕੂਲ ਅਤੇ ਅਜੀਤ ਵਿਦਿਆਲਿਆ ਤੀਜੇ ਸਥਾਨ ’ਤੇ ਰਹੇ।

ਅੰਡਰ-18 ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸਮੇਸ਼ ਨਗਰ ਨੇ ਪਹਿਲਾ ਸਥਾਨ, ਸਪ੍ਰਿੰਗ ਬਸ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਅਤੇ ਗੁਰੂ ਨਾਨਕ ਸਕੂਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ।

ਸੀਨੀਅਰ ਵਰਗ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਖਾਲਸਾ ਕਾਲਜ ਫ਼ਾਰ ਵੂਮੈਨ ਨੇ ਦੂਜਾ ਸਥਾਨ, ਜਦਕਿ ਜੀਐਨਡੀਯੂ ਅਤੇ ਬੀਬੀਕੇ ਡੀਏਵੀ ਕਾਲਜ ਫ਼ਾਰ ਵੂਮੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਜੇਤੂ ਖਿਡਾਰਨਾਂ ਨੂੰ ਆਈਟੀਆਈ ਕਾਲਜ ਦੇ ਪ੍ਰਿੰਸੀਪਲ ਕੈਪਟਨ ਸੰਜੀਵ ਕੁਮਾਰ ਸ਼ਰਮਾ ਵੱਲੋਂ ਇਨਾਮ ਅਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ। ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਦੇ ਜੀਵਨ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸੰਘਰਸ਼ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰਨਾਂ ਨੂੰ ਹਰ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਦਿਆਂ ਆਪਣੇ ਟੀਚੇ ਵੱਲ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਕੱਤਰ ਅਰਵਿੰਦ ਕੁਮਾਰ, ਜੀਐਨਡੀਯੂ ਕੋਚ ਪ੍ਰਦੀਪ ਕੁਮਾਰ, ਸਿੱਖਿਆ ਵਿਭਾਗ ਤੋਂ ਸੰਦੀਪ ਕੁਮਾਰ, ਸੁਖਜੀਤ ਸਿੰਘ, ਮਨਿੰਦਰ ਸਿੰਘ, ਕੋਚ ਜਸਮੀਤ ਕੌਰ, ਪਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਨਦੀਪ ਕੌਰ, ਸੁਖਪ੍ਰੀਤ ਕੌਰ, ਚਾਂਦ, ਗੁਰਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ, ਕੋਚ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

Scroll to Top