ਪਰਾਲੀ ਪ੍ਰਬੰਧਨ : ਕਿਸਾਨਾਂ ਨੂੰ ਜਿਲ੍ਹੇ ਭਰ ‘ਚ ਕੈਂਪਾਂ ਰਾਹੀਂ ਕੀਤਾ ਜਾ ਰਿਹੈ ਜਾਗਰੂਕ
ਪਰਾਲੀ ਪ੍ਰਬੰਧਨ : ਕਿਸਾਨਾਂ ਨੂੰ ਜਿਲ੍ਹੇ ਭਰ ‘ਚ ਕੈਂਪਾਂ ਰਾਹੀਂ ਕੀਤਾ ਜਾ ਰਿਹੈ ਜਾਗਰੂਕ
ਬਠਿੰਡਾ, 15 ਅਕਤੂਬਰ ( ਮਨੋਜ ਚਰਖੀਵਾਲ )
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਸ ਦੀ ਸਾਂਭ-ਸੰਭਾਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਦੇ ਹੁਕਮਾ ਤਹਿਤ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦੀ ਅਗਵਾਈ ਹੇਠ ਲਗਾਏ ਜਾ ਰਹੇ ਕੈਂਪਾਂ ‘ਚ ਕਿਸਾਨਾਂ ਨੂੰ ਸਰਕਾਰ ਵੱਲੋਂ ਸਬਸਿਡੀ ‘ਤੇ ਦਿੱਤੀਆਂ ਜਾਂਦੀਆਂ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਾਂ, ਤਕਨੀਕਾਂ ਆਦਿ ਬਾਰੇ ਦੱਸਿਆ ਗਿਆ ।
ਇਸ ਤਹਿਤ ਪਿੰਡ ਜੱਸੀ ਬਾਗ ਵਾਲੀ, ਕੋਟ ਗੁਰੂ, ਬੰਗੀ ਰੁਲਦੂ ਸਰਕਲ ਰਾਮਾ, ਪਿੰਡ ਬਾਂਡੀ, ਗੋਨਿਆਣਾ ਖੁਰਦ, ਨਗਰ ਪੰਚਾਇਤ ਮਲੂਕਾ, ਬੀਬੀਵਾਲਾ, ਚਾਉਕੇ, ਬੁਲਾਢੇਵਾਲਾ ਆਦਿ ਵਿਖੇ ਵੀ ਕਿਸਾਨ ਸਿਖਲਾਈ ਕੈਂਪ ਲਗਾਏ ਗਏ।
ਇਸ ਮੌਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ, ਕਣਕ ਤੇ ਸਰ੍ਹੋਂ ਦੀ ਕਾਸ਼ਤ, ਫਾਰਮਰ ਆਈ.ਡੀ ਅਤੇ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ।
ਕੈਂਪਾਂ ਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪਰਾਲੀ ਦੀ ਵੱਧ ਤੋਂ ਵੱਧ ਖੇਤਾਂ ਵਿੱਚ ਹੀ ਸੰਭਾਲ ਕੀਤੀ ਜਾਵੇ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ, ਜਿਸ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕੀਤੀ ਜਾ ਸਕੇ। ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਧੀਨ ਸਬਸਿਡੀ ਉੱਪਰ ਆਏ ਸਰੋਂ ਅਤੇ ਛੋਲਿਆਂ ਦੇ ਬੀਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਇਨ੍ਹਾਂ ਕੈਂਪਾਂ ਦੌਰਾਨ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਬਲਾਕਾਂ ਦੇ ਅਧਿਕਾਰੀਆਂ ਤੋਂ ਇਲਾਵਾ ਅਗਾਂਹਵਧੂ ਕਿਸਾਨ, ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।