ਪਿੰਡ ਕਨੀਜਾ ਵਿੱਚ 20 ਲੱਖ ਦੀ ਲਾਗਤ ਨਾਲ ਬਣੇ ਕਮਿਊਨਿਟੀ ਹਾਲ ਦਾ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਉਦਘਾਟਨ
ਇਕੱਠ ਨੂੰ ਸੰਬੋਧਨ ਕਰਦਿਆਂ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡ ਕਨੀਜਾ ਵਿੱਚ ਬਣਾਇਆ ਗਿਆ ਕਮਿਊਨਿਟੀ ਹਾਲ ਪਿੰਡ ਵਾਸੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਦੇ ਬਣਨ ਨਾਲ ਲੋਕਾਂ ਨੂੰ ਸਾਂਝੇ ਸਮਾਗਮਾਂ, ਪੰਚਾਇਤੀ ਮੀਟਿੰਗਾਂ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਲਈ ਸੁਵਿਧਾਜਨਕ ਥਾਂ ਮਿਲੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪਿੰਡਾਂ ਤੱਕ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਬਿਨਾਂ ਕਿਸੇ ਪੱਖਪਾਤ ਦੇ ਪਹੁੰਚਾਉਣਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕਾ ਸਾਹਨੇਵਾਲ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਅਤੇ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣ।
ਇਸ ਦੌਰਾਨ ਮੁੰਡੀਆਂ ਨੇ ਪਿੰਡ ਕਨੀਜਾ ਦੀ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਪਿੰਡ ਦੇ ਪਤਵੰਤਿਆਂ ਅਤੇ ਪੰਚਾਇਤ ਮੈਂਬਰਾਂ ਨੇ ਕਮਿਊਨਿਟੀ ਹਾਲ ਦੇ ਨਿਰਮਾਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪਿੰਡ ਵਾਸੀਆਂ ਨੂੰ ਸਾਂਝੇ ਸਮਾਗਮ ਕਰਵਾਉਣ ਵਿੱਚ ਸਹੂਲਤ ਮਿਲੇਗੀ।
ਸਮਾਗਮ ਵਿੱਚ ਗ੍ਰਾਮ ਪੰਚਾਇਤ ਕਨੀਜਾ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਥਾਨਕ ਆਮ ਆਦਮੀ ਪਾਰਟੀ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।