ਸੁਖਪ੍ਰੀਤ ਸਿੰਘ ਸੁੱਖੀ ਮਾਨ ਨੇ ਸੰਭਾਲਿਆ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਚੇਅਰਮੈਨ ਦਾ ਅਹੁਦਾ
ਸੁਖਪ੍ਰੀਤ ਸਿੰਘ ਸੁੱਖੀ ਮਾਨ ਨੇ ਸੰਭਾਲਿਆ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਚੇਅਰਮੈਨ ਦਾ ਅਹੁਦਾ
ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ ਸਵਾਗਤ, ਕੁਰਸੀ ’ਤੇ ਬਿਠਾ ਕੇ ਦਿੱਤੀਆਂ ਸ਼ੁਭਕਾਮਨਾਵਾਂ
ਮਿਹਨਤੀ ਵਰਕਰਾਂ ਨੂੰ ਮਾਣ-ਸਨਮਾਨ ਦੇ ਰਹੀ ਹੈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ : ਅਮਰਜੀਤ ਮਹਿਤਾ ਤੇ ਪਦਮਜੀਤ ਸਿੰਘ ਮਹਿਤਾ
ਬਠਿੰਡਾ, 10 ਅਕਤੂਬਰ ( ਮਨੋਜ ਚਰਖੀਵਾਲ )
ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਨਵ ਨਿਯੁਕਤ ਚੇਅਰਮੈਨ ਸੁਖਪ੍ਰੀਤ ਸਿੰਘ ਸੁੱਖੀ ਮਾਨ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ
ਇਸ ਦੌਰਾਨ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਦੋਵਾਂ ਆਗੂਆਂ ਨੇ ਸੁਖਪ੍ਰੀਤ ਸਿੰਘ ਸੁੱਖੀ ਮਾਨ ਨੂੰ ਚੇਅਰਮੈਨ ਦੀ ਕੁਰਸੀ ’ਤੇ ਬਿਠਾ ਕੇ ਉਹਨਾ ਦਾ ਸਵਾਗਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਚੇਅਰਮੈਨ ਨੀਲ ਗਰਗ, ਚੇਅਰਮੈਨ ਰਾਜਨ ਅਮਰਦੀਪ ਸਿੰਘ, ਪਾਰਟੀ ਦੇ ਯੂਥ ਆਗੂ ਅਭੈ ਪ੍ਰਤਾਪ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਮਨੀ, ਵਾਈਸ ਚੇਅਰਮੈਨ ਜਸਕਰਨ ਸਿੰਘ, ਵੇਰਕਾ ਪਲਾਂਟ ਬਠਿੰਡਾ ਦੇ ਜਨਰਲ ਮੈਨੇਜਰ ਆਰ.ਕੇ. ਪਟੇਲ, ਸਹਾਇਕ ਰਜਿਸਟਰਾਰ ਹਰਮੀਤ ਸਿੰਘ ਭੁੱਲਰ, ਡਾਇਰੈਕਟਰ ਲਾਭ ਸਿੰਘ ਜਗਾਰਾਮ ਤੀਰਥ ਅਤੇ ਸੁਖਮੰਦਰ ਸਿੰਘ ਨਾਥਪੁਰਾ, ਕਹਾਣੀਕਾਰ ਭੁਪਿੰਦਰ ਸਿੰਘ ਮਾਨ, ਰਣਜੀਤ ਸਿੰਘ ਮਠਾੜੂ, ਸਰਪੰਚ ਸੁਖਜਿੰਦਰ ਸਿੰਘ ਰੋਮਾਣਾ, ਮੈਡਮ ਸਰੋਜ ਅਗਰਵਾਲ, ਟਰੱਕ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ, ਯੂਥ ਆਗੂ ਰੇਸ਼ਮ ਸਿੰਘ, ਬਲਜੀਤ ਢਿੱਲੋਂ ਨਰੂਆਣਾ, ਡੀ.ਸੀ.ਯੂ. ਦੇ ਚੇਅਰਮੈਨ ਬਲਵਿੰਦਰ ਸਿੰਘ, ਮੈਡਮ ਬਲਜਿੰਦਰ ਕੌਰ ਅਤੇ ਯੂਥ ਆਗੂ ਬਹਾਦਰ ਸਿੰਘ ਸਮੇਤ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਇਸ ਮੌਕੇ ਅਮਰਜੀਤ ਮਹਿਤਾ ਅਤੇ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਰਟੀ ਦੇ ਮਿਹਨਤੀ ਅਤੇ ਸਮਰਪਿਤ ਵਰਕਰਾਂ ਨੂੰ ਉਚਿਤ ਮਾਣ-ਸਨਮਾਨ ਦੇ ਰਹੀ ਹੈ। ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਜ਼ਿੰਮੇਵਾਰ ਅਹੁਦਿਆਂ ’ਤੇ ਨਿਯੁਕਤ ਕਰਨਾ ਸਰਕਾਰ ਦੀ ਵਰਕਰ-ਪੱਖੀ ਸੋਚ ਨੂੰ ਦਰਸਾਉਂਦਾ ਹੈ।
ਉਹਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਡਾਇਰੈਕਟਰਾਂ ਦੀ ਮੀਟਿੰਗ ਅਤੇ ਚੇਅਰਮੈਨ ਦੇ ਅਹੁਦੇ ਲਈ ਹੋਈ ਚੋਣ ਦੌਰਾਨ ਸੁਖਪ੍ਰੀਤ ਸਿੰਘ ਸੁੱਖੀ ਮਾਨ ਨੂੰ ਚੇਅਰਮੈਨ ਚੁਣਿਆ ਗਿਆ ਸੀ। ਅੱਜ ਉਹਨਾ ਨੇ ਵਿਧੀਵਤ ਤੌਰ ’ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਦੋਵਾਂ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸੁੱਖੀ ਮਾਨ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਵੇਰਕਾ ਮਿਲਕ ਪਲਾਂਟ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਉਹਨਾ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਕਿਸਾਨਾਂ, ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨਾਲ ਜੁੜਿਆ ਇੱਕ ਮਹੱਤਵਪੂਰਨ ਅਦਾਰਾ ਹੈ। ਇਸ ਲਈ ਪਲਾਂਟ ਦੀ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣਾ, ਆਰਥਿਕ ਸਥਿਤੀ ਮਜ਼ਬੂਤ ਕਰਨਾ ਅਤੇ ਇਸ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾ ਨੇ ਆਸ ਪ੍ਰਗਟਾਈ ਕਿ ਨਵੇਂ ਚੇਅਰਮੈਨ ਆਪਣੇ ਤਜਰਬੇ ਅਤੇ ਮਿਹਨਤ ਨਾਲ ਵੇਰਕਾ ਪਲਾਂਟ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ।
ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੁਖਪ੍ਰੀਤ ਸਿੰਘ ਸੁੱਖੀ ਮਾਨ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਪੀਸੀਏ ਪ੍ਰਧਾਨ ਅਮਰਜੀਤ ਮਹਿਤਾ, ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ, ਵੇਰਕਾ ਮਿਲਕ ਪਲਾਂਟ ਦੇ ਸਮੂਹ ਡਾਇਰੈਕਟਰਾਂ, ਪਾਰਟੀ ਹਾਈਕਮਾਂਡ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਉਹਨਾ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਉਹਨਾ ’ਤੇ ਭਰੋਸਾ ਜਤਾਉਂਦਿਆਂ ਜੋ ਅਹਿਮ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ’ਤੇ ਖਰਾ ਉਤਰਨ ਲਈ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਦਾ ਮੁੱਖ ਉਦੇਸ਼ ਵੇਰਕਾ ਮਿਲਕ ਪਲਾਂਟ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ, ਇਸ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਲਿਆਉਣਾ ਅਤੇ ਪਲਾਂਟ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਵਧਾਉਣਾ ਹੋਵੇਗਾ।
ਸੁੱਖੀ ਮਾਨ ਨੇ ਕਿਹਾ ਕਿ ਉਹ ਸਾਰੇ ਡਾਇਰੈਕਟਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਕੰਮ ਕਰਨਗੇ, ਤਾਂ ਜੋ ਆਪਸੀ ਤਾਲਮੇਲ ਅਤੇ ਸਮੂਹਿਕ ਯਤਨਾਂ ਰਾਹੀਂ ਪਲਾਂਟ ਦੀ ਤਰੱਕੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਂਦਿਆਂ ਵੇਰਕਾ ਮਿਲਕ ਪਲਾਂਟ ਦੀ ਬਿਹਤਰੀ ਲਈ ਲਗਾਤਾਰ ਯਤਨ ਕੀਤੇ ਜਾਣਗੇ।
ਸਮਾਗਮ ਦੌਰਾਨ ਮੌਜੂਦ ਆਗੂਆਂ ਅਤੇ ਪਤਵੰਤੇ ਸੱਜਣਾਂ ਨੇ ਸ੍ਰੀ ਸੁਖਪ੍ਰੀਤ ਸਿੰਘ ਸੁੱਖੀ ਮਾਨ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਵੇਰਕਾ ਮਿਲਕ ਪਲਾਂਟ ਬਠਿੰਡਾ ਲਗਾਤਾਰ ਤਰੱਕੀ ਕਰੇਗਾ ਅਤੇ ਆਰਥਿਕ ਮਜ਼ਬੂਤੀ ਦੀ ਦਿਸ਼ਾ ਵਿੱਚ ਨਵੇਂ ਮੁਕਾਮ ਹਾਸਲ ਕਰੇਗਾ।