ਖੰਨਾ ਦੇ 33 ਵਾਰਡਾਂ ’ਚ ਚੱਲੇਗੀ ਵਿਸ਼ੇਸ਼ ਸਫ਼ਾਈ ਮੁਹਿੰਮ, ਕੂੜਾ ਸੁੱਟਣ ਵਾਲਿਆਂ ’ਤੇ ਹੋਵੇਗੀ ਸਖ਼ਤੀ
ਮਿਸ਼ਨ ਕਲੀਨ ਪੰਜਾਬ’ ਤਹਿਤ ਖੰਨਾ ਸ਼ਹਿਰ ਦੇ ਸਾਰੇ 33 ਵਾਰਡਾਂ ਵਿੱਚ 10 ਦਿਨਾਂ ਦੀ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਐਸ.ਡੀ.ਐਮ. ਖੰਨਾ ਸਵਾਤੀ ਟਿਵਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਕੂੜਾ ਸੁੱਟਣ ਵਾਲੀਆਂ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਨ੍ਹਾਂ ਦੀ ਵਿਸ਼ੇਸ਼ ਸਫ਼ਾਈ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਫ਼ਾਈ ਤੋਂ ਬਾਅਦ ਇਨ੍ਹਾਂ ਥਾਵਾਂ ’ਤੇ ਮੁੜ ਕੂੜਾ ਨਾ ਸੁੱਟਿਆ ਜਾਵੇ, ਇਸ ਲਈ ਸੀ.ਸੀ.ਟੀ.ਵੀ. ਕੈਮਰੇ ਅਤੇ ਜਾਗਰੂਕਤਾ ਬੋਰਡ ਲਗਾਏ ਜਾਣਗੇ। ਰਾਤ ਸਮੇਂ ਚੌਂਕੀਦਾਰਾਂ ਅਤੇ ਦਿਨ ਸਮੇਂ ਸਫ਼ਾਈ ਕਰਮਚਾਰੀਆਂ ਰਾਹੀਂ ਵੀ ਨਿਗਰਾਨੀ ਕੀਤੀ ਜਾਵੇਗੀ।
ਐਸ.ਡੀ.ਐਮ. ਨੇ ਕਿਹਾ ਕਿ ਕੂੜਾ ਸੁੱਟਣ ਸਬੰਧੀ ਜੁਰਮਾਨਾ 10 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਿੱਜੀ ਖਾਲੀ ਪਲਾਟਾਂ ਦੀ ਵੀ ਸਫ਼ਾਈ ਕਰਵਾਈ ਜਾ ਰਹੀ ਹੈ। ਇਸ ਤੋਂ ਬਾਅਦ ਪਲਾਟ ਦੀ ਸਫ਼ਾਈ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ। ਬਿਨਾਂ ਚਾਰਦੀਵਾਰੀ ਵਾਲੇ ਪਲਾਟ ਮਾਲਕਾਂ ਨੂੰ ਚਾਰਦੀਵਾਰੀ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਸਵਾਤੀ ਟਿਵਾਣਾ ਨੇ ਕਿਹਾ ਕਿ ਸਫ਼ਾਈ ਮੁਹਿੰਮ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਐਂਟੀ-ਐਨਕਰੋਚਮੈਂਟ ਡਰਾਈਵ ਵੀ ਸ਼ੁਰੂ ਕੀਤੀ ਜਾਵੇਗੀ। ਰੇਹੜੀ-ਫੜ੍ਹੀ ਵਾਲਿਆਂ ਨੂੰ ਨਿਰਧਾਰਤ ਵੈਂਡਿੰਗ ਜ਼ੋਨ ਵਿੱਚ ਹੀ ਕਾਰੋਬਾਰ ਕਰਨ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜਾ ਨਿਰਧਾਰਤ ਸਥਾਨਾਂ ’ਤੇ ਹੀ ਸੁੱਟਿਆ ਜਾਵੇ ਅਤੇ ਖੰਨਾ ਨੂੰ ਸਾਫ਼-ਸੁਥਰਾ ਬਣਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ।