ਡੇਅਰੀ ਫਾਰਮਿੰਗ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਵਿਗਿਆਨਕ ਸਿਖਲਾਈ ਜ਼ਰੂਰੀ : ਮਾਹਿਰ

📍 स्थान / Location: Bathinda 🗂️ विषय / Category: पंजाब / Punjab 📹 Full Video / पूरा वीडियो 📅 August 29, 2026

ਬਠਿੰਡਾ, 29 ਅਗਸਤ ( ਮਨੋਜ ਚਰਖੀਵਾਲ )

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ (ਸਿ.) ਦੀ ਅਗਵਾਈ ਹੇਠ 10 ਦਿਨਾਂ ਦਾ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਵਿੱਚ 9 ਔਰਤਾਂ ਸਮੇਤ 38 ਸਿਖਿਆਰਥੀਆਂ ਨੇ ਭਾਗ ਲਿਆ।
ਸਿਖਲਾਈ ਦੀ ਸ਼ੁਰੂਆਤ ਮੌਕੇ ਡਾ. ਗੁਰਦੀਪ ਸਿੰਘ ਸਿੱਧੂ ਨੇ ਸਿਖਿਆਰਥੀਆਂ ਨੂੰ ਕੇ.ਵੀ.ਕੇ. ਵੱਲੋਂ ਕਰਵਾਏ ਜਾਂਦੇ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ ਕੋਰਸਾਂ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾ ਕੋਰਸਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ।
ਡਾ. ਅਦਿੱਤਿਆ ਸ਼ਰਮਾ, ਸਹਾਇਕ ਪ੍ਰੋਫੈਸਰ, ਵੈਟਨਰੀ ਕਾਲਜ, ਰਾਮਪੁਰਾ ਫੂਲ ਨੇ ਬਾਇਓਸਿਕਿਉਰਿਟੀ ਅਤੇ ਪੋਸਟਮਾਰਟਮ ਦੀ ਮਹੱਤਤਾ, ਜਦਕਿ ਡਾ. ਜੈ ਪ੍ਰਕਾਸ਼ ਯਾਦਵ, ਸਹਾਇਕ ਪ੍ਰੋਫੈਸਰ, ਵੈਟਨਰੀ ਕਾਲਜ, ਰਾਮਪੁਰਾ ਫੂਲ ਨੇ ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਸਿਖਲਾਈ ਦੌਰਾਨ ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਫੂਡ ਪ੍ਰੋਸੈਸਿੰਗ ਅਤੇ ਇੰਜਨੀਅਰਿੰਗ) ਨੇ ਪਸ਼ੂਆਂ ਲਈ ਅਰਾਮਦਾਇਕ ਸ਼ੈੱਡ ਦੀ ਬਣਤਰ ਅਤੇ ਸਹੀ ਦਿਸ਼ਾ ਬਾਰੇ ਜਾਣਕਾਰੀ ਦਿੱਤੀ।
ਸ. ਲਖਮੀਤ ਸਿੰਘ, ਡੇਅਰੀ ਅਫਸਰ, ਜਿਲ੍ਹਾ ਡੇਅਰੀ ਵਿਕਾਸ ਬੋਰਡ, ਬਠਿੰਡਾ ਨੇ ਡੇਅਰੀ ਕਿੱਤੇ ਨਾਲ ਸੰਬੰਧਿਤ ਸਰਕਾਰੀ ਸਕੀਮਾਂ, ਪ੍ਰੋਗਰਾਮਾਂ ਅਤੇ ਸਬਸਿਡੀਆਂ ਬਾਰੇ ਜਾਣੂ ਕਰਵਾਇਆ।
ਡਾ. ਰਾਜਦੀਪ ਸਿੰਘ ਬਰਾੜ, ਵੈਟਨਰੀ ਅਫਸਰ, ਪਸ਼ੂ ਪਾਲਣ ਵਿਭਾਗ, ਬਠਿੰਡਾ ਨੇ ਪਸ਼ੂਆਂ ਦੀਆਂ ਬਿਮਾਰੀਆਂ, ਰੋਕਥਾਮ, ਟੀਕਾਕਰਨ ਅਤੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਡਾ. ਸੰਦੀਪ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ, ਵੈਟਨਰੀ ਕਾਲਜ, ਰਾਮਪੁਰਾ ਫੂਲ ਨੇ ਦੁੱਧ ਤੋਂ ਵੱਖ-ਵੱਖ ਮੁੱਲ-ਵਰਧਿਤ ਉਤਪਾਦ ਤਿਆਰ ਕਰਕੇ ਵਧੇਰੇ ਮੁਨਾਫਾ ਕਮਾਉਣ ’ਤੇ ਜ਼ੋਰ ਦਿੱਤਾ।
ਇਸ ਸਿਖਲਾਈ ਕੈਂਪ ਦੌਰਾਨ ਲੀਡ ਬੈਂਕ ਦੇ ਜਿਲ੍ਹਾ ਮੈਨੇਜਰ ਕੁਲਭੂਸ਼ਣ ਬਾਂਸਲ ਨੇ ਸਿਖਿਆਰਥੀਆਂ ਨੂੰ ਡੇਅਰੀ ਫਾਰਮਿੰਗ ਲਈ ਬੈਂਕਾਂ ਵੱਲੋਂ ਉਪਲਬਧ ਕਰਵਾਈਆਂ ਜਾਂਦੀਆਂ ਕਰਜ਼ਾ ਸਕੀਮਾਂ, ਲੋਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਅਤੇ ਵਿੱਤੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਹਨਾ ਨੇ ਸਿਖਿਆਰਥੀਆਂ ਨੂੰ ਸਰਕਾਰੀ ਸਹਾਇਤਾ ਵਾਲੀਆਂ ਸਕੀਮਾਂ ਦਾ ਲਾਭ ਲੈ ਕੇ ਡੇਅਰੀ ਕਿੱਤੇ ਨੂੰ ਸੁਚੱਜੇ ਢੰਗ ਨਾਲ ਸ਼ੁਰੂ ਕਰਨ ਅਤੇ ਵਿਸਥਾਰ ਕਰਨ ਲਈ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ ਡਾ. ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ. ਬਠਿੰਡਾ ਨੇ ਪਸ਼ੂਆਂ ਦੀ ਨਸਲ ਸੁਧਾਰ, ਵਿਗਿਆਨਕ ਰੱਖ-ਰਖਾਵ, ਖੁਰਾਕ, ਟੀਕਾਕਰਨ ਅਤੇ ਮਲੱਪ ਰਹਿਤ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ 10 ਰੋਜ਼ਾ ਸਿਖਲਾਈ ਰਾਹੀਂ ਸਿਖਿਆਰਥੀਆਂ ਨੂੰ ਡੇਅਰੀ ਫਾਰਮਿੰਗ ਦੀਆਂ ਆਧੁਨਿਕ ਅਤੇ ਵਿਗਿਆਨਕ ਤਕਨੀਕਾਂ ਨਾਲ ਜਾਣੂ ਕਰਵਾਉਂਦਿਆਂ ਇਸ ਕਿੱਤੇ ਨੂੰ ਆਮਦਨ ਦਾ ਟਿਕਾਊ ਅਤੇ ਲਾਹੇਵੰਦ ਸਾਧਨ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।

Scroll to Top