ਪੰਜ ਸਾਲਾਂ ਦੀ ਮਿਹਨਤ ਨਾਲ ਰਿਸ਼ੀ ਨਗਰ ਦਾ ਬਾਲ ਪਾਰਕ ਬਣਿਆ ਹਰਿਆਲੀ ਦੀ ਮਿਸਾਲ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 August 23, 2026

ਰਿਸ਼ੀ ਨਗਰ ਸਥਿਤ ਰਿਸ਼ੀ ਇਨਕਲੇਵ ਵੈਲਫੇਅਰ ਸੋਸਾਇਟੀ ਦੇ ਪਾਰਕ ਨੰਬਰ-3, ਜਿਸ ਨੂੰ ਬਾਲ ਪਾਰਕ ਵਜੋਂ ਵਿਕਸਤ ਕੀਤਾ ਗਿਆ ਹੈ, ਅੱਜ ਨਿੱਜੀ ਯਤਨਾਂ ਅਤੇ ਸਾਂਝੀ ਭਾਗੀਦਾਰੀ ਸਦਕਾ ਸ਼ਹਿਰ ਦੀਆਂ ਖੂਬਸੂਰਤ ਹਰੀਆਂ ਥਾਵਾਂ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ।
ਸਾਲ 2020 ਵਿੱਚ ਅਮਿਤ ਧਵਨ ਨੇ ਕੁਝ ਸਾਥੀ ਨਿਵਾਸੀਆਂ ਨਾਲ ਮਿਲ ਕੇ ਪਾਰਕ ਦੀ ਨਿੱਜੀ ਤੌਰ ’ਤੇ ਸੰਭਾਲ ਦਾ ਬੀੜਾ ਚੁੱਕਿਆ। ਇਸ ਉਪਰਾਲੇ ਤਹਿਤ ਵੱਡੀ ਗਿਣਤੀ ਵਿੱਚ ਖਜੂਰ ਸਮੇਤ ਵੱਖ-ਵੱਖ ਦੇਸੀ ਕਿਸਮਾਂ ਦੇ ਰੁੱਖ ਅਤੇ ਪੌਦੇ ਲਗਾਏ ਗਏ। ਇਲਾਕੇ ਦੇ ਨਿਵਾਸੀਆਂ ਨੇ ਵੀ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਇਆ।
ਪਾਰਕ ਦੀ ਸੰਭਾਲ ਅਤੇ ਵਿਕਾਸ ਲਈ ਅਮਿਤ ਧਵਨ ਦੇ ਪਰਿਵਾਰ, ਦੋਸਤਾਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਵੀ ਲਗਾਤਾਰ ਸਹਿਯੋਗ ਦਿੱਤਾ ਗਿਆ। ਇਸ ਪਹਿਲਕਦਮੀ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਹੌਸਲਾ ਮਿਲਿਆ।
ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਪੰਜ ਸਾਲ ਤੱਕ ਲਗਾਤਾਰ ਸਮਰਪਣ ਨਾਲ ਹਰੇ ਖੇਤਰ ਦੀ ਸੰਭਾਲ ਕਰਨਾ ਵਿਰਲੀ ਉਦਾਹਰਨ ਹੈ। ਪਾਰਕ ਨੂੰ ਲੁਧਿਆਣਾ ਦੀਆਂ ਬਿਹਤਰ ਹਰੀਆਂ ਥਾਵਾਂ ਵਿੱਚ ਸ਼ਾਮਲ ਕਰਨ ਲਈ ਸਰਵੇਖਣ ਵੀ ਕੀਤਾ ਗਿਆ ਹੈ।
ਅਮਿਤ ਧਵਨ ਨੇ ਕਿਹਾ ਕਿ ਇਸ ਉਪਰਾਲੇ ਦਾ ਸਿਹਰਾ ਸਾਰੇ ਸਹਿਯੋਗੀਆਂ ਨੂੰ ਜਾਂਦਾ ਹੈ। ਉਨ੍ਹਾਂ ਖਾਸ ਤੌਰ ’ਤੇ ਪਿਛਲੇ ਪੰਜ ਸਾਲਾਂ ਤੋਂ ਪਾਰਕ ਦੀ ਸੰਭਾਲ ਕਰ ਰਹੇ ਗਾਰਡਨਰ ਸ੍ਰੀਰਾਮ ਦਾ ਧੰਨਵਾਦ ਕੀਤਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਨਾਗਰਿਕ ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਹਰਾ-ਭਰਾ ਬਣਾਉਣ ਦੀ ਜ਼ਿੰਮੇਵਾਰੀ ਨਿਭਾਏ ਤਾਂ ਲੁਧਿਆਣਾ ਨੂੰ ਹੋਰ ਵਾਤਾਵਰਣ-ਅਨੁਕੂਲ ਬਣਾਇਆ ਜਾ ਸਕਦਾ ਹੈ।

Scroll to Top