ਧੂਰੀ ‘ਚ ਬੇਖੌਫ਼ ਚੋਰ ਦਾ ਕਾਰਨਾਮਾ, 4 ਦੁਕਾਨਾਂ ‘ਚ ਚੋਰੀ ਮਗਰੋਂ ਦੁੱਧ ਲੱਭ ਕੇ ਬਣਾਈ ਚਾਹ

📍 स्थान / Location: Sangrur 🗂️ विषय / Category: पंजाब / Punjab 📹 Full Video / पूरा वीडियो 📅 August 22, 2026 🌐 GPS: Sangrur

CCTV ਵਿੱਚ ਦਿਖਾਈ ਦੇ ਰਿਹਾ ਹੈ ਕਿ ਚੋਰੀ ਕਰਨ ਆਇਆ ਵਿਅਕਤੀ ਦੁਕਾਨ ਵਿੱਚ ਦਾਖਲ ਹੋਣ ਤੋਂ ਬਾਅਦ ਬੜੇ ਆਰਾਮ ਨਾਲ ਸਟੋਰ ਵਿੱਚ ਪਏ ਫਰਿਜ ਨੂੰ ਖੋਲ੍ਹਦਾ ਹੈ। ਫਰਿਜ ਵਿੱਚੋਂ ਦੁੱਧ ਕੱਢਦਾ ਹੈ, ਫਿਰ ਭਾਂਡੇ ਸਾਫ਼ ਕਰਦਾ ਹੈ ਅਤੇ ਚਾਹ ਬਣਾਉਣ ਲਈ ਸਮਾਨ ਲੱਭਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਚੋਰ ਦੁਕਾਨ ਵਿੱਚ ਪਏ ਚੁੱਲ੍ਹੇ ‘ਤੇ ਬੈਠ ਕੇ ਚਾਹ ਬਣਾਉਂਦਾ ਹੈ।

ਚਾਹ ਬਣਨ ਤੋਂ ਪਹਿਲਾਂ ਉਹ ਫਰਿਜ ਵਿੱਚੋਂ ਪਾਣੀ ਕੱਢ ਕੇ ਆਰਾਮ ਨਾਲ ਪੀਂਦਾ ਹੈ। ਫਿਰ ਚਾਹ ਬਣਾਉਂਦਾ ਹੈ, ਬੈਠ ਕੇ ਚਾਹ ਪੀਂਦਾ ਹੈ ਅਤੇ ਚਾਹ ਪੀਣ ਤੋਂ ਬਾਅਦ ਭਾਂਡੇ ਵੀ ਸਾਫ਼ ਕਰਦਾ ਹੈ। ਇਸ ਤੋਂ ਬਾਅਦ ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਉਹ ਮੁੜ ਚੋਰੀ ਦੇ ਕੰਮ ‘ਤੇ ਲੱਗ ਜਾਂਦਾ ਹੈ।

ਚੋਰ ਨੇ ਦੁਕਾਨ ਦੇ ਕਾਊਂਟਰ ਦੀ ਦਰਾਜ਼ ਤੋੜ ਕੇ ਨਕਦੀ ਕੱਢੀ ਅਤੇ ਦੁਕਾਨ ਵਿੱਚ ਪਿਆ ਮੋਬਾਇਲ ਵੀ ਚੋਰੀ ਕਰ ਲਿਆ। ਦੁਕਾਨਦਾਰਾਂ ਮੁਤਾਬਕ CCTV ਵਿੱਚ ਫਿਲਹਾਲ ਸਿਰਫ਼ ਇੱਕ ਹੀ ਵਿਅਕਤੀ ਦਿਖਾਈ ਦੇ ਰਿਹਾ ਹੈ, ਜੋ ਪੂਰੀ ਤਰ੍ਹਾਂ ਬੇਖੌਫ਼ ਨਜ਼ਰ ਆ ਰਿਹਾ ਹੈ।

ਜਾਣਕਾਰੀ ਮੁਤਾਬਕ ਚੋਰ ਪਹਿਲਾਂ ਇੱਕ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਵਰਕਸ਼ਾਪ ਵਿੱਚ ਵਿੰਡੋ AC ਕੱਢ ਕੇ ਦਾਖਲ ਹੋਇਆ ਅਤੇ ਉਥੋਂ ਕੁਝ ਸਮਾਨ ਚੋਰੀ ਕਰਨ ਤੋਂ ਬਾਅਦ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ। ਕੁੱਲ ਮਿਲਾ ਕੇ ਕਰੀਬ 26-27 ਹਜ਼ਾਰ ਰੁਪਏ ਦੀ ਨਕਦੀ, ਨਵੀਆਂ ਡਰਿੱਲ ਮਸ਼ੀਨਾਂ ਅਤੇ ਮੋਬਾਇਲ ਫੋਨ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਹੈ।

ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ CCTV ਤਸਵੀਰਾਂ ਦੇ ਆਧਾਰ ‘ਤੇ ਚੋਰ ਦੀ ਪਛਾਣ ਕਰਕੇ ਉਸਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਚੋਰੀ ਹੋਇਆ ਸਮਾਨ ਬਰਾਮਦ ਕੀਤਾ ਜਾਵੇ।

Scroll to Top