ਕੌਮੀ ਇਨਸਾਫ਼ ਮੋਰਚੇ ਨੇ ਕੀਤੀ ਪ੍ਰੈੱਸ ਕਾਨਫਰੰਸ
Writing
ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪਟਿਆਲਾ ਦੇ ਇਲੈਕਟ੍ਰਾਨਿਕ ਮੀਡੀਆ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਜਗਤਾਰ ਸਿੰਘ ਹਵਾਰਾ ਦੇ ਧਾਰਮਿਕ ਪਿਤਾ ਬਾਪੂ ਗੁਰਚਰਨ ਸਿੰਘ ਨੇ ਭਲਕੇ ਹੋਣ ਵਾਲੇ ਪੰਜਾਬ ਬੰਦ ਨੂੰ ਲੈ ਕੇ ਵੱਡੇ ਐਲਾਨ ਕੀਤੇ।
ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਪੰਜਾਬ ਬੰਦ ਨੂੰ ਸੂਬੇ ਭਰ ਵਿੱਚ ਵੱਖ-ਵੱਖ ਸੰਗਠਨਾਂ ਦਾ ਸਮਰਥਨ ਮਿਲ ਰਿਹਾ ਹੈ। ਵਪਾਰਕ ਸੰਸਥਾਵਾਂ ਤੋਂ ਲੈ ਕੇ ਹੋਰ ਸੰਗਠਨ ਵੀ ਇਸ ਬੰਦ ਦੇ ਹੱਕ ਵਿੱਚ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਇਹ ਬੰਦ ਮੁੱਖ ਤੌਰ ’ਤੇ ਚੰਡੀਗੜ੍ਹ ਵਿੱਚ ਪੁਲਿਸ ਵੱਲੋਂ ਕੌਮੀ ਇਨਸਾਫ਼ ਮੋਰਚੇ ਨਾਲ ਕੀਤੀ ਗਈ ਕਥਿਤ ਧੱਕੇਸ਼ਾਹੀ ਦੇ ਵਿਰੋਧ ਵਿੱਚ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਆਪਣੀ ਬਿਮਾਰ ਮਾਤਾ ਨਾਲ ਮੁਲਾਕਾਤ ਕਰ ਸਕਣ।
ਪ੍ਰੈਸ ਕਾਨਫਰੰਸ ਦੌਰਾਨ ਕਈ ਧਾਰਮਿਕ ਅਤੇ ਸਿਆਸੀ ਆਗੂ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਪੰਜਾਬ ਬੰਦ ਨੂੰ ਆਪਣਾ ਸਮਰਥਨ ਦਿੱਤਾ।
ਬਾਪੂ ਗੁਰਚਰਨ ਸਿੰਘ ਨੇ ਐਲਾਨ ਕੀਤਾ ਕਿ ਭਲਕੇ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਦੁਕਾਨਾਂ, ਸਕੂਲ, ਕਾਲਜ, ਸੜਕਾਂ ਅਤੇ ਰੇਲ ਆਵਾਜਾਈ ਵੀ ਬੰਦ ਰਹੇਗੀ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਪੰਜਾਬ ਤੋਂ ਬਾਹਰ ਜਾਣਾ ਹੈ ਤਾਂ ਉਹ ਅੱਜ ਹੀ ਆਪਣੀ ਯਾਤਰਾ ਕਰ ਲੈਣ, ਤਾਂ ਜੋ ਭਲਕੇ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਪੰਜਾਬ ਬੰਦ ਦਾ ਸਿੱਧਾ ਅਸਰ ਸਰਕਾਰ ’ਤੇ ਪਵੇਗਾ ਅਤੇ ਜਦੋਂ ਲੋਕ ਇਕਜੁੱਟ ਹੋ ਕੇ ਇਸ ਨੂੰ ਸਫਲ ਬਣਾਉਣਗੇ ਤਾਂ ਇਸ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਚਾਹੇ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ, ਦੋਵੇਂ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਟਾਲ-ਮਟੋਲ ਕਰ ਰਹੀਆਂ ਹਨ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਉਨ੍ਹਾਂ ਦਾ ਕਾਨੂੰਨੀ ਹੱਕ, ਯਾਨੀ ਪੈਰੋਲ, ਜ਼ਰੂਰ ਮਿਲਣੀ ਚਾਹੀਦੀ ਹੈ।
BYTE — ਬਾਪੂ ਗੁਰਚਰਨ ਸਿੰਘ